ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 13 ਮਈ 2023 :ਕੌਮੀ ਲੋਕ ਅਦਾਲਤ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਿਸ ਪ੍ਰੀਤੀ ਸਾਹਨੀ ਅਤੇ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਮਿਸ ਗੁਰਜੀਤ ਕੌਰ ਢਿੱਲੋਂ ਦੀ ਅਗਵਾਈ ਵਿੱਚ ਜ਼ਿਲ੍ਹਾ ਕੋਰਟ ਕੰਪਲੈਕਸ, ਮਾਨਸਾ, ਸਬ-ਡਵੀਜ਼ਨਲ ਕੋਰਟ ਕੰਪਲੈਕਸ, ਸਰਦੂਲਗੜ੍ਹ ਅਤੇ ਬੁਢਲ਼ਾਡਾ ਵਿਖੇ ਲਗਾਈ ਗਈ। ਇਸ ਮਕਸਦ ਲਈ ਜ਼ਿਲ੍ਹਾ ਕੋਰਟ ਕੰਪਲੈਕਸ ਮਾਨਸਾ ਵਿਖੇ ਪੰਜ, ਬੁਢਲਾਡਾ ਵਿੱਚ ਇੱਕ ਅਤੇ ਸਰਦੂਲਗੜ੍ਹ ਵਿਖੇ ਇੱਕ ਬੈਂਚ ਦਾ ਗਠਨ ਕੀਤਾ ਗਿਆ।
ਮਾਨਸਾ ਵਿਖੇ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਮਿਸ ਪ੍ਰੀਤੀ ਸਾਹਨੀ, ਪ੍ਰਿੰਸੀਪਲ ਜੱਜ, ਫੈਮਿਲੀ ਕੋਰਟ ਮਿਸ ਕਮਲ ਵਰਿੰਦਰ, ਸਿਵਲ ਜੱਜ (ਸੀਨੀਅਰ ਡਵੀਜ਼ਨ) ਸ਼੍ਰੀ ਪੁਸ਼ਪਿੰਦਰ ਸਿੰਘ, ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮਿਸ ਸੁਰਭੀ ਪ੍ਰਾਸ਼ਰ, ਚੇਅਰਮੈਨ ਪਰਮਾਨੈਂਟ ਲੋਕ ਅਦਾਲਤ ਸ਼੍ਰੀ ਰਾਜ ਪਾਲ ਸਿੰਘ ਤੇਜੀ ਸਰਦੂਲਗੜ੍ਹ ਵਿਖੇ, ਸਿਵਲ ਜੱਜ (ਜੂਨੀਅਰ ਡਵੀਜ਼ਨ) ਮਿਸ. ਰਮਿੰਦਰ ਕੌਰ ਅਤੇ ਬੁਢਲਾਡਾ ਵਿਖੇ ਅਡੀਸ਼ਨਲ ਚੀਫ ਸਿਵਲ ਜੱਜ (ਸੀਨੀਅਰ ਡਵੀਜ਼ਨ) ਸ੍ਰੀ ਮਨੂ ਮੀਤੂ ਤੇ ਆਧਾਰਿਤ ਬੈਂਚਾਂ ਵੱਲੋਂ 1209 ਕੇਸਾਂ ਦਾ ਨਿਪਟਾਰਾ ਕੀਤਾ ਗਿਆ।
ਇਨ੍ਹਾਂ ਬੈਂਚਾਂ ਵਿੱਚ ਐਡਵੋਕੇਟ ਨਵਲ ਕੁਮਾਰ ਗੋਇਲ, ਹੈਰੀ ਜਿੰਦਲ, ਕਮਲਪ੍ਰੀਤ ਮੋਹਲ, ਇੰਦਰਪ੍ਰੀਤ ਸਿੰਘ, ਭੁਪਿੰਦਰ ਸਰਾਂ, ਸੰਜੀਵ ਕੁਮਾਰ ਮਿੱਤਲ, ਭੁਪੇਸ਼ ਬਾਂਸਲ ਅਤੇ ਮੈਂਬਰ ਤਰਸੇਮ ਚੰਦ, ਮਿਸ ਮੀਨੂੰ ਮਿੱਤਲ, ਤਰਸੇਮ ਚੰਦ, ਸੁਰਿੰਦਰ ਕੁਮਾਰ, ਮਿਸ ਸ਼ਸ਼ੀ ਬਾਲਾ, ਮਿਸ ਲੇਕਾ ਰਾਣੀ ਅਤੇ ਵੀ.ਪੀ. ਸ਼ਰਮਾ ਸ਼ਾਮਿਲ ਸਨ।
ਜਿਲ੍ਹਾ ਅਤੇ ਸੈਸ਼ਨਜ਼ ਜੱਜ ਮਿਸ. ਪ੍ਰੀਤੀ ਸਾਹਨੀ ਨੇ ਦੱਸਿਆ ਕਿ ਇਸ ਲੋਕ ਅਦਾਲਤ ਵਿੱਚ ਦਿਵਾਨੀ ਮਾਮਲੇ, ਕਰਿਮੀਨਲ ਕੰਪਾਊਂਡੇਬਲ, ਚੈਕਾਂ ਦੇ ਕੇਸ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਉਜਰਤ ਸਬੰਧੀ ਝਗੜੇ, ਬਿਜਲੀ, ਪਾਣੀ, ਟੈਲੀਫੋਨ ਅਤੇ ਵਿਆਹ ਨਾਲ ਸਬੰਧਿਤ ਮਾਮਲਿਆਂ ਦਾ ਨਿਪਟਾਰਾ ਆਪਸੀ ਸਮਝੌਤੇ ਰਾਹੀਂ ਕੀਤਾ ਗਿਆ। ਨਿਪਟਾਰਾ ਕੀਤੇ ਗਏ ਕੁੱਲ 1209 ਕੇਸਾਂ ਵਿੱਚ 5,34,99,439/- ਰੁਪਏ ਦੇ ਅਵਾਰਡ ਪਾਸ ਕੀਤੇ ਗਏ।
ਉਨ੍ਹਾਂ ਕਿਹਾ ਕਿ ਲਾਭਪਾਤਰੀਆਂ ਨੇ ਇਸ ਕੌਮੀ ਲੋਕ ਅਦਾਲਤ ਵਿੱਚ ਚੰਗੀ ਦਿਲਚਸਪੀ ਦਿਖਾਈ ਹੈ। ਕੌਮੀ ਲੋਕ ਅਦਾਲਤ ਤੋਂ ਪਹਿਲਾਂ ਇਸ ਦੀ ਸਫਲਤਾ ਲਈ ਅਨੇਕਾਂ ਵੈਬੀਨਾਰ ਅਤੇ ਮੀਟਿੰਗਾਂ ਰਾਹੀਂ ਜਾਗਰੂਕਤਾ ਫੈਲਾਈ ਗਈ ਸੀ ਜਿਸ ਦੇ ਸਾਰਥਿਕ ਸਿੱਟੇ ਸਾਹਮਣੇ ਆਏ ਹਨ।

