ਆਪਣੇ ਹੀ ਦੇਸ਼ ਵਿਚ ਰਹਿ ਕੇ ਉਪਜੀਵਕਾ ਕਮਾਉਣ ਲਈ ਸਹਾਈ ਹੋਵੇਗੀ ਕਿੱਤਾਮੁਖੀ ਸਿਖਲਾਈ-ਬਲਦੀਪ ਕੌਰ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 13 ਮਈ 2023 : ਆਧੁਨਿਕ ਯੁੱਗ ਵਿੱਚ ਜਿੱਥੇ ਸਾਡੇ ਪੰਜਾਬ ਦੇ ਨੌਜਵਾਨ ਲੜਕੇ ਲੜਕੀਆਂ ਵਿੱਚ ਆਈਲੈਟਸ ਕਰਕੇ ਵਿਦੇਸ਼ ਜਾਣ ਦਾ ਰੁਝਾਨ ਵਧਦਾ ਜਾ ਰਿਹਾ ਹੈ ਉਥੇ ਕੁੜੀਆਂ ਵੱਲੋਂ ਮੁੰਡਿਆਂ ਨਾਲੋਂ ਹਰ ਖੇਤਰ ਵਿੱਚ ਵਧੀਆ ਕਾਰਗੁਜਾਰੀ ਵਿਖਾਈ ਜਾ ਰਹੀ ਹੈ ਜੋ ਕਿ ਬਹੁਤ ਚੰਗੀ ਅਤੇ ਖੁਸ਼ੀ ਦੀ ਗੱਲ ਹੈ, ਪ੍ਰੰਤੂ ਮੁੰਡਿਆਂ ਨੂੰ ਵੀ ਹਰ ਖੇਤਰ ਵਿੱਚ ਆਪਣਾ ਵਧੀਆ ਰੋਲ ਨਿਭਾਉਣ ਲਈ ਵਿਸ਼ੇਸ਼ ਮਿਹਨਤ ਅਤੇ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਵਿੱਚ ਉਨ੍ਹਾਂ ਦੇ ਪਰਿਵਾਰ,ਸਕੂਲਾਂ ਦੇ ਅਧਿਆਪਕਾਂ, ਸਮਾਜ ਦੇ ਮੋਹਤਬਰ ਵਿਅਕਤੀਆਂ ਅਤੇ ਸਮਾਜ ਸੇਵੀ ਸੰਸਥਾਵਾਂ ਦੀ ਭੂਮਿਕਾ ਜਰੂਰੀ ਬਣ ਗਈ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਗੈਰ ਸਰਕਾਰੀ ਸੰਸਥਾਵਾਂ ਜਿੰਨ੍ਹਾਂ ਨੂੰ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਸਾਲ 2023-24 ਲਈ ਗ੍ਰਾਂਟ ਇਨ ਏਡ ਜਾਰੀ ਕੀਤੀ ਗਈ ਹੈ, ਨਾਲ ਮੀਟਿੰਗ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜ਼ਿਲਾ ਪ੍ਰਸ਼ਾਸ਼ਨ ਗੈਰ ਸਰਕਾਰੀ ਸੰਸਥਾਵਾਂ ਰਾਹੀਂ ਟੈਲੀ, ਵੀਡਿਓ ਐਡਿਟਿੰਗ, ਸਟੈਨੋਗਰਾਫੀ, ਸੰਗੀਤ ਕੋਚ, ਕੀਰਤਨ, ਭੰਗੜਾ ਕੋਚ, ਖੇਡਾਂ ਅਤੇ ਹੁਨਰ ਵਿਕਾਸ ਦੇ ਕੋਰਸਾਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਸੇਧ ਦੇਣ ਲਈ ਤਤਪਰ ਹੈ ਤਾਂ ਜੋ ਸਮਾਜ ਦੇ ਜ਼ਿਆਦਾਤਰ ਨੌਜਵਾਨ ਆਪਣੇ ਦੇਸ਼ ਵਿੱਚ ਰਹਿ ਕੇ ਹੀ ਆਪਣੀ ਉਪਜੀਵਿਕਾ ਕਮਾ ਸਕਣ। ਉਨ੍ਹਾਂ ਦੱਸਿਆ ਕਿ ਅਜੋਕੇ ਯੁੱਗ ਵਿੱਚ ਜਿੱਥੇ ਲੜਕੀਆਂ ਹਰ ਖੇਤਰ ਵਿੱਚ ਮੱਲਾਂ ਮਾਰ ਰਹੀਆਂ ਹਨ ਉਥੇ ਲੜਕਿਆਂ ਨੂੰ ਵੀ ਕੁੱਝ ਵੱਖਰਾ ਕਰਨਾ ਚਾਹੀਦਾ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀ ਉਪਕਾਰ ਸਿੰਘ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਵਰਿੰਦਰ ਸਿੰਘ ਟਿਵਾਣਾ ਅਤੇ ਵੱਖ ਵੱਖ ਗੈਰ ਸਰਕਾਰੀ ਸੰਸਥਾਵਾਂ ਦੇ ਨੁਮਾਇੰਦੇ ਹਾਜ਼ਰ ਸਨ।

