ਬੱਕਰੀ ਪਾਲਣ ਦਾ ਸਹਾਇਕ ਧੰਦਾ ਅਪਣਾ ਕੇ ਨੌਜਵਾਨ ਕਮਾਸਕਦੇ ਹਨ ਚੰਗਾ ਮੁਨਾਫ਼ਾ-ਡਿਪਟੀ ਡਾਇਰੈਕਟਰ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 10 ਮਈ 2023 :ਪੰਜਾਬ ਸਰਕਾਰ ਵੱਲੋਂ ਖੇਤੀ ਵਿਭਿੰਨਤਾ ਦੇ ਨਾਲ-ਨਾਲ ਸਹਾਇਕ ਧੰਦਿਆਂ ਨੂੰ ਪ੍ਰਫੁੱਲਿਤ ਕਰਨ ਲਈ ਕਈ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ਨਾਲ ਕਿਸਾਨ ਅਤੇ ਬੇਰੁਜ਼ਗਾਰ ਨੌਜਵਾਨ ਆਪਣੀ ਆਰਥਿਕ ਸਥਿਤੀ ਵਿਚ ਹੋਰ ਸੁਧਾਰ ਕਰ ਸਕਦੇ ਹਨ। ਅਜੋਕੇ ਸਮੇਂ ਵਿਚ ਬੱਕਰੀਆਂ ਪਾਲਣਾ ਇੱਕ ਲਾਭਕਾਰੀ ਕਿੱਤਾ ਹੈ ਅਤੇ ਕਿਸਾਨਾਂ ਦਾ ਰੁਝਾਨ ਡੇਅਰੀ ਫਾਰਮਿੰਗ ਦੇ ਨਾਲ-ਨਾਲ ਇਸ ਕਿੱਤੇ ਵੱਲ ਵੀ ਹੋ ਰਿਹਾ ਹੈ। ਇਸ ਤੋਂ ਇਲਾਵਾ ਡੇਂਗੂ, ਪੀਲੀਆ ਆਦਿ ਦੇ ਮਰੀਜ਼ਾਂ ਲਈ ਵੀ ਬੱਕਰੀ ਦਾ ਦੁੱਧ ਲਾਹੇਵੰਦ ਹੁੰਦਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਹਰਜਿੰਦਰ ਪਾਲ ਗੋਜਰਾ ਨੇ ਦੱਸਿਆ ਕਿ ਪਸ਼ੂ ਪਾਲਣ ਵਿਭਾਗ ਵੱਲੋਂ ਬੱਕਰੀਆਂ ਦੇ ਯੂਨਿਟ ਖੁਲ੍ਹਵਾਏ ਜਾ ਰਹੇ ਹਨ, ਜਿਸ ਤਹਿਤ ਜਨਰਲ ਸੇ੍ਰਣੀ ਵਾਲਿਆਂ ਨੂੰ 40 ਬਕਰੀਆਂ ਅਤੇ 2 ਬਕਰਿਆਂ ਦੇ ਯੂਨਿਟ ਲਈ 1 ਲੱਖ ਰੁਪਏ ’ਤੇ 25000/- ਰੁਪਏ ਸਬਸਿਡੀ ਦਿੱਤੀ ਜਾਂਦੀ ਹੈ ਜਦਕਿ ਅਨੁਸੂਚਿਤ ਜਾਤੀ ਦੇ ਲਾਭਪਾਤਰੀਆਂ ਨੂੰ 33000/- ਰੁਪਏ ਸਬਸਿਡੀ ਵਜੋਂ ਦਿੱਤੇ ਜਾਂਦੇ ਹਨ। ਉਨ੍ਹਾਂ ਦੱਸਿਆ ਕਿ ਲਾਭਪਾਤਰੀ ਨੂੰ 25 ਹਜਾਰ ਰੁਪਏ ਆਪਣੇ ਕੋਲੋਂ ਮਾਰਜਨ ਮਨੀ ਵੱਜੋਂ ਪਾਉਣੇ ਹੰੁਦੇ ਹਨ ਅਤੇ 50,000 ਰੁਪਏ ਦਾ ਕਰਜ਼ਾ ਬੈਂਕ ਤੋਂ ਦਿਵਾਇਆ ਜਾਂਦਾ ਹੈ। ਉਨ੍ਹਾਂ ਕਿਸਾਨਾਂ ਅਤੇ ਨੌਜਵਾਨਾ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਇਨ੍ਹਾਂ ਸਕੀਮਾਂ ਦਾ ਵੱਧ ਤੋਂ ਵੱਧ ਲਾਹਾ ਲੈਣ ਅਤੇ ਸਹਾਇਕ ਧੰਦਿਆਂ ਨੂੰ ਅਪਣਾ ਕੇ ਵੱਧ ਮੁਨਾਫਾ ਕਮਾਉਣ।
ਡਿਪਟੀ ਡਾਇਰੈਕਟਰ ਨੇ ਦੱਸਿਆ ਕਿ ਕਿਸਾਨਾਂ/ਨੋਜਵਾਨਾ ਨੂੰ ਇਹ ਕਿੱਤਾ ਅਪਣਾਉਣ ਤੋਂ ਪਹਿਲਾਂ ਸਿਖਲਾਈ ਲੈਣੀ ਚਾਹੀਦੀ ਹੈ ਅਤੇ ਬੱਕਰੀ ਪਾਲਣ ਦੀ ਬਕਾਇਦਾ ਸਿਖਲਾਈ ਪਸ਼ੂ ਪਾਲਣ ਵਿਭਾਗ ਤੋਂ ਲਈ ਜਾ ਸਕਦੀ ਹੈ। ਉਨ੍ਹਾਂ ਦੱਸਿਆ ਕਿ ਸਿਖਲਾਈ ਦੌਰਾਨ ਹੀ ਬੱਕਰੀਆਂ ਦੇ ਸ਼ੈਡ ਦੀ ਸਹੀ ਬਣਤਰ ਬਾਰੇ, ਬੱਕਰੀਆਂ ਦੀਆਂ ਨਸਲਾਂ ਬਾਰੇ, ਬੱਕਰੀਆਂ ਲਈ ਚੰਗੇਰੀ ਫੀਡ ਅਤੇ ਖੁਰਾਕ, ਵਧੀਆ ਰਹਿਣ-ਸਹਿਣ ਦੇ ਪ੍ਰਬੰਧ ਦੀ ਮਹੱਤਤਾ ਬਾਰੇ ਜਾਣਿਆ ਜਾ ਸਕਦਾ ਹੈ, ਤਾਂ ਜੋ ਮੀਟ ਅਤੇ ਦੁੱਧ ਦੀ ਵਧੀਆ ਪੈਦਾਵਾਰ ਪ੍ਰਾਪਤ ਕੀਤੀ ਜਾ ਸਕੇ। ਉਹਨਾਂ ਦੱਸਿਆਂ ਕਿ ਸਾਲ 2018-19 ਦੌਰਾਨ 203 ਵਿਅਕਤੀਆਂ ਨੇ ਬੱਕਰੀ ਪਾਲਣ ਦੀ ਸਿਖਲਾਈ ਪ੍ਰਾਪਤ ਕੀਤੀ ਹੈ ਅਤੇ ਉਹਨਾਂ ਵਿਚੋਂ 162 ਵਿਅਕਤੀਆਂ ਨੇ ਆਪਣੇ ਕੇਸ ਬੈਕਾਂ ਨੂੰ ਭੇਜ ਦਿੱਤੇ ਹਨ।
ਇਸ ਮੌਕੇ ਪਿੰਡ ਮਾਖੇਵਾਲਾ ਦੇ ਅਗਾਂਹਵਧੂ ਕਿਸਾਨ ਅਮਰੀਕ ਸਿੰਘ ਪੁੱਤਰ ਭੋਲਾ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਪਸ਼ੂ ਪਾਲਣ ਵਿਭਾਗ ਤੋਂ ਸਿਖਲਾਈ ਪ੍ਰਾਪਤ ਕਰਕੇ ਸਾਲ 2016 ਵਿਚ 1 ਬੱਕਰੀ ਦੇ ਫਾਰਮ ਤੋਂ ਕੰਮ ਸ਼ੁਰੂ ਕੀਤਾ ਸੀ। ਹੁਣ ਉਨ੍ਹਾਂ ਕੋਲ 20 ਦੇ ਕਰੀਬ ਨਗ ਹਨ ਅਤੇ ਇਸ ਦੌਰਾਨ ਉਹ 65 ਤੋਂ ਵੱਧ ਬੱਕਰੀਆਂ ਵੇਚ ਵੀ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਫਾਰਮ 400 ਵਰਗ ਫੁਟ ਵਿਚ ਹੈ ਜਿਸ ਵਿਚ 200 ਵਰਗ ਫੁੱਟ ਛੱਤਿਆ ਅਤੇ 200 ਵਰਗ ਫੁੱਟ ਅਣਛੱਤਿਆ ਹੋਇਆ ਹੈ। ਬੱਕਰੀਆਂ ਦੇ ਦੁੱਧ ਪੈਦਾਵਾਰ ਕਰਨ ਦੀ ਸਮਰੱਥਾ ਬਾਰੇ ਉਹਨਾਂ ਦੱਸਿਆ ਕਿ ਉਹਨਾਂ ਦੀਆਂ ਬੱਕਰੀਆਂ 1.5 ਤੋਂ 2 ਲੀਟਰ ਪ੍ਰਤੀ ਬੱਕਰੀ ਰੋਜ਼ਾਨਾ ਦੁੱਧ ਦੇ ਰਹੀਆਂ ਹਨ। ਉਹਨਾਂ ਦੱਸਿਆਂ ਕਿ ਬੱਕਰੀ ਦੋ ਸਾਲ ਵਿਚ ਤਿੰਨ ਵਾਰ ਸੂਅ ਕੇ ਔਸਤਨ 4 ਤੋਂ 5 ਬੱਚੇ ਪੈਦਾ ਕਰਦੀ ਹੈ। ਉਨ੍ਹਾਂ ਦੱਸਿਆਂ ਕਿ ਤਿੰਨ ਕੁ ਮਹੀਨਿਆਂ ਦਾ ਬੱਚਾ 15000 ਰੁਪਏ ਵਿਚ ਵਿਕ ਜਾਂਦਾ ਹੈ।

