ਸਿਹਤ ਵਿਭਾਗ ਵੱਲੋਂ ‘ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ’ ਅਧੀਨ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਮੁਫਤ ਇਲਾਜ਼ ਦੀ ਸੁਵਿਧਾ
ਸੰਜੀਵ ਜਿੰਦਲ
ਮਾਨਸਾ, 9 ਮਈ ( ਪ੍ਰਾਈਮ ਪੋਸਟ ਪੰਜਾਬ ) : ਸਿਵਲ ਸਰਜਨ ਡਾ.ਅਸ਼ਵਨੀ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੀਨੀਅਰ ਮੈਡੀਕਲ ਅਫਸਰ, ਡਾ. ਨਵਰੂਪ ਕੌਰ ਦੀ ਰਹਿਨੁਮਾਈ ਹੇਠ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਥੈਲੇਸੀਮੀਆ ਦਿਵਸ ਮਨਾਇਆ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਨੇ ਦੱਸਿਆ ਕਿ ਥੈਲੇਸੀਮੀਆ ( ਖੂਨ ਨਾ ਬਣਨਾ) ਇਕ ਜਮਾਂਦਰੂ ਬਿਮਾਰੀ ਹੈ, ਜਿਸ ਤੋਂ ਸਿਰਫ ਜਾਗਰੂਕਤਾ ਰਾਹੀਂ ਹੀ ਬਚਿਆ ਜਾ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਥੈਲੇਸੀਮੀਆ ਸਬੰਧੀ ਲੋਕਾਂ ਵਿਚ ਬਹੁਤ ਘੱਟ ਜਾਗਰੂਕਤਾ ਹੈ ਜਿਸ ਕਾਰਨ ਜਾਣੇ ਅਣਜਾਣੇ ਵਿਚ ਇਕ ਨੰਨ੍ਹੀ ਜਾਨ ਇਸ ਬਿਮਾਰੀ ਦਾ ਸ਼ਿਕਾਰ ਹੋ ਜਾਂਦੀ ਹੈ। ਸੋ ਲੋੜ ਹੈ ਇਸ ਬਿਮਾਰੀ ਸਬੰਧੀ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਨਵ ਜਨਮੇ ਬੱਚੇ ਨੂੰ ਬਚਾਇਆ ਜਾ ਸਕੇ।
ਉਨ੍ਹਾਂ ਦੱਸਿਆ ਕਿ ਇਸ ਬਿਮਾਰੀ ਨਾਲ ਨਵ ਜਨਮੇ ਬੱਚੇ ਵਿਚ ਖੂਨ ਬਣਨ ਦੀ ਪ੍ਰਕਿਰਿਆ ਬਹੁਤ ਘੱਟ ਹੁੰਦੀ ਹੈ ਜਿਸ ਕਾਰਨ ਬੱਚੇ ਨੂੰ ਹਰ 10 ਜਾਂ 15 ਦਿਨਾਂ ਬਾਅਦ ਖੂਨ ਚੜਾਉਣ ਦੀ ਲੋੜ ਪੈਂਦੀ ਹੈ। ਹਰ ਦਸ ਜਾਂ ਪੰਦਰਾਂ ਦਿਨਾਂ ਬਾਅਦ ਹਸਪਤਾਲ ਜਾਣਾ, ਖੁਨ ਚੜਾਉਣਾ ਕਿਸੇ ਵੀ ਬੱਚੇ, ਉਸਦੇ ਮਾਤਾ ਪਿਤਾ ਤੇ ਸਮੂਹ ਪਰਿਵਾਰ ਲਈ ਇਕ ਦੁਖਦਾਈ ਸੰਤਾਪ ਹੁੰਦਾ ਹੈ।
ਡਾ.ਨਵਰੂਪ ਕੌਰ ਨੇ ਦੱਸਿਆ ਕਿ ਲੋਕਾਂ ਵਿਚ ਇਸ ਬਿਮਾਰੀ ਸਬੰਧੀ ਜਾਗਰੂਕਤਾ ਬਹੁਤ ਹੀ ਘੱਟ ਹੈ। ਥੈਲੇਸੀਮੀਕ ਮੇਜਰ ਦਾ ਇੱਕੋ ਇਕ ਇਲਾਜ “ਬੋਨ ਮੈਰੋ ਟਰਾਂਸਪਲਾਂਟੇਸ਼ਨ” ਹੈ, ਜਿਸ ਦੀ ਲਾਗਤ ਬਹੁਤ ਜਿਆਦਾ ਹੁੰਦੀ ਹੈ। ਸਭ ਤੋਂ ਜ਼ਰੂਰੀ ਤੁਹਾਡਾ ਬੋਨ ਮੈਰੋ ਮਿਲਣਾ ਹੁੰਦਾ ਹੈ, ਜੋ ਕਿ ਆਮ ਤੌਰ ਤੇ ਬਹੁਤ ਘੱਟ ਮਿਲਦਾ ਹੈ। ਥੈਲੇਸੇਮੀਆ ਆਮ ਤੋਂ ਤੁਹਾਡੇ ਸ਼ਰੀਰ ਵਿਚ ਘੱਟ ਹੀਮੋਗਲਿਬਨ ਤੇ ਘੱਟ ਲਾਲ ਕੋਸ਼ਿਕਾਵਾਂ ਦੀ ਵਿਸ਼ੇਸ਼ਤਾਵਾਂ ਜੋ ਤੁਹਾਨੂੰ ਜਮਾਂਦਰੂ ਰੂਪ ਵਿੱਚ ਮਿਲਿਆ ਖੂਨ ਦਾ ਵਹਾਅ ਹੈ,ਜਿਸ ਨੂੰ ਥੈਲੇਸੀਮਿਆ ਕਿਹਾ ਜਾਂਦਾ ਹੈ।
ਇਸ ਮੌਕੇ ਵਿਜੈ ਕੁਮਾਰ ਜ਼ਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਕੇਂਦਰ ਸਰਕਾਰ ਤੇ ਪੰਜਾਬ ਸਰਕਾਰ ਦੀ ਵੀ ਇਸ ਬਿਮਾਰੀ ਦੇ ਇਲਾਜ ਲਈ ਸਕੀਮ ਚਲਾਈ ਗਈ ਹੈ, ਜਿਸ ਵਿਚ ਸਿਹਤ ਵਿਭਾਗ ਪੰਜਾਬ ਵੱਲੋਂ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਥੈਲੇਸੀਮੀਆ ਤੋਂ ਪੀੜਤ ਬੱਚਿਆਂ ਲਈ ਮੁਫਤ ਇਲਾਜ਼ ਦੀ ਸੁਵਿਧਾ ਦਿੱਤੀ ਜਾਂਦੀ ਹੈ ਅਤੇ ਮੁਫ਼ਤ ਇਲਾਜ ਲਈ ਪੀ.ਜੀ.ਆਈ. ਚੰਡੀਗੜ ਤੇ ਪੰਜਾਬ ਰਾਜ ਦੀਆਂ ਪੰਜ ਥੈਲੇਸੀਮੀਕ ਸੋਸਾਇਟੀਆਂ ( ਸਰਕਾਰੀ ਮੈਡੀਕਲ ਕਾਲਜ ਅੰਮ੍ਰਿਤਸਰ, ਪਟਿਆਲਾ, ਫਰੀਦਕੋਟ, , ਦਇਆਨੰਦ ਹਸਪਤਾਲ ਲੁਧਿਆਣਾ, ਸਿਵਲ ਹਸਪਤਾਲ ਜਲੰਧਰ) ਵਿਖੇ ਮਾਤਾ ਪਿਤਾ ਦੀ ਸਹੂਲਤ ਮੁਤਾਬਿਕ ਭੇਜਿਆ ਜਾਂਦਾ ਹੈ।
ਉਨ੍ਹਾਂ ਦੱਸਿਆ ਕਿ ਰਾਸ਼ਟਰੀ ਬਾਲ ਸਵਾਸਥ ਕਾਰਿਆਕ੍ਰਮ ਅਧੀਨ ਸਰਕਾਰੀ ਹਸਪਤਾਲਾਂ ਵਿਚ ਪੈਦਾ ਹੋਏ ਨਵਜਾਤ ਬੱਚੇ (0 ਤੋਂ 6 ਹਫਤੇ), ਆਂਗਣਵਾੜੀ ਸੈਂਟਰਾਂ ’ਚ ਦਰਜ ਬੱਚੇ (6 ਹਫਤੇ ਤੋਂ 6 ਸਾਲ), ਪੰਜਾਬ ਰਾਜ ਦੇ ਸਰਕਾਰੀ ਤੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿਚ ਪੜ੍ਹਦੇ ਪਹਿਲੀ ਤੋਂ ਬਾਰਵੀਂ ਕਲਾਸ ( 6 ਤੋਂ 18 ਸਾਲ ) ਤੱਕ ਦੇ ਬੱਚੇ ਮੁਫਤ ਇਲਾਜ ਦੇ ਹੱਕਦਾਰ ਹਨ। ਥੈਲੇਸੀਮੀਆ ਦੀ ਬਿਮਾਰੀ ਤੋਂ ਪੀੜਤ ਜੋ ਸਰਕਾਰੀ ਸਕੂਲਾਂ ਵਿੱਚ ਪੜਦੇ ਬੱਚੇ ਪੀ.ਜੀ.ਆਈ. ਚੰਡੀਗੜ ਜਾਂ ਹੋਰ ਥੈਲੇਸੀਮੀਕ ਸੋਸਾਇਟੀਆਂ ਵਿੱਚੋਂ ਪਹਿਲਾਂ ਹੀ ਇਲਾਜ ਕਰਵਾ ਰਹੇ ਹਨ ਉਹ ਵੀ ਇਸ ਸਕੀਮ ਅਧੀਨ ਮੁਫ਼ਤ ਇਲਾਜ ਦੇ ਹੱਕਦਾਰ ਹਨ। ਥੈਲੇਸੀਮੀਆ ਤੋਂ ਪੀੜਤ ਬੱਚਿਆਂ ਦੇ ਮਾਤਾ ਪਿਤਾ ਮੁਫ਼ਤ ਇਲਾਜ਼ ਦੀ ਸੁਵਿਧਾ ਲੈਣ ਲਈ ਆਪਣੇ ਜ਼ਿਲੇ ਦੇ ਸਿਵਲ ਸਰਜਨ ਦਫਤਰ ਵਿਚ ਜਾ ਕੇ ਇਸ ਸਕੀਮ ਅਧੀਨ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਇਸ ਮੌਕੇ ਡਾ.ਅਰਸ਼ਦੀਪ ਸਿੰਘ, ਗੁੁਰਵਿੰੰਰ ਕੌਰ, ਸੀਮਾ ਨਰਸਿੰਗ ਸਿਸਟਰ ਤੋਂ ਇਲਾਵਾ ਮਾਲਵਾ ਨਰਸਿੰਗ ਕਾਲਜ ਖਿਆਲਾਂ ਦੀਆ ਬੱਚੀਆ ਵੀ ਹਾਜਰ ਹਨ।

