ਮਾਲਵੇ ਖੇਤਰ ਚ ਯੂਥ ਕਲੱਬਾਂ ਦਾ ਮੁੱਢ ਬੰਨਣ ਵਾਲੇ ਡਾ.ਸੰਦੀਪ ਘੰਡ 35 ਸਾਲ ਨੌਜਵਾਨ ਸਰਗਰਮੀਆਂ ਨੂੰ ਸਮਰਪਿਤ ਰਹੇ
ਸੰਜੀਵ ਜਿੰਦਲ ( Prime Post Punjab)
ਮਾਨਸਾ, 29 ਅਪ੍ਰੈਲ 2023 : ਨੌਜਵਾਨਾਂ ਨੂੰ ਸਮਾਜ ਸੇਵਾ ਦੀ ਗੁੜ੍ਹਤੀ ਦੇਣ ਵਾਲੇ ਨਹਿਰੂ ਯੁਵਾ ਕੇਂਦਰ ਮਾਨਸਾ ਦੇ ਲੇਖਾ ਅਤੇ ਪ੍ਰੋਗਰਾਮ ਅਫ਼ਸਰ ਡਾ.ਸੰਦੀਪ ਘੰਡ ਆਪਣੀਆਂ ਸ਼ਾਨਦਾਰ ਸੇਵਾਵਾਂ ਤੋਂ ਬਾਅਦ ਅੱਜ 29 ਅਪ੍ਰੈਲ ਨੂੰ ਸੇਵਾ ਮੁਕਤ ਹੋ ਰਹੇ ਹਨ। 35 ਵਰ੍ਹੇ ਨੌਜਵਾਨ ਸਰਗਰਮੀਆਂ ਚ ਵਿਚਰਦਿਆਂ ਉਹ ਨੌਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਗਏ। ਮਾਨਸਾ, ਬਠਿੰਡਾ, ਬਰਨਾਲਾ, ਸੰਗਰੂਰ, ਫਰੀਦਕੋਟ ਦੇ ਹਜ਼ਾਰਾਂ ਨੌਜਵਾਨ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦੇ ਹਨ,ਅਨੇਕਾਂ ਚਣੌਤੀਆਂ ਦੇ ਬਾਵਜੂਦ ਮਾਲਵਾ ਖੇਤਰ ਚ ਪਿੰਡ-ਪਿੰਡ ਯੂਥ ਕਲੱਬਾਂ ਦਾ ਮੁੱਢ ਬੰਨ੍ਹਣ ਵਾਲੇ ਅਤੇ ਨੌਜਵਾਨ ਸਰਗਰਮੀਆਂ ਨੂੰ ਸਿਖਰਾਂ ‘ਤੇ ਲਿਜਾਣ ਵਾਲੇ ਡਾ. ਸੰਦੀਪ ਘੰਡ ਦੀ ਸੇਵਾ ਮੁਕਤੀ ‘ਤੇ ਹਰ ਕੋਈ ਮਾਣ ਮਹਿਸੂਸ ਕਰ ਰਿਹਾ।
ਡਾ. ਸੰਦੀਪ ਘੰਡ ਸੱਚਮੁੱਚ ਸਿਰੜੀ ਬੰਦਾ ਐ ,ਅਣਖੀ ਐ, ਕੰਮ ਦਾ ਧਨੀ ਐ ,ਹਰ ਤਰ੍ਹਾਂ ਦੀਆਂ ਚਣੌਤੀਆਂ ਨਾਲ ਲੜਨਾ ਜਾਣਦਾ ਹੈ।ਯੂਥ ਕਲੱਬਾਂ ਦੇ ਭਾਰੀ ਆਰਥਿਕ ਸੰਕਟ ਦੇ ਬਾਵਜੂਦ ਉਹ ਜੇਤੂ ਜਰਨੈਲ ਵਜੋਂ ਉਭਰਿਆ ਹੈ।ਕਲੱਬਾਂ ਨੂੰ ਪੱਕੇ ਪੈਰ੍ਹੀਂ ਕਰਨ,ਕਲੱਬ ਪ੍ਰਧਾਨਾਂ, ਮੈਂਬਰਾਂ ਨੂੰ ਲੀਡਰਸ਼ਿਪ ਦੀ ਗੁੜ੍ਹਤੀ ਦੇ ਕੇ ਅਨੇਕਾਂ ਪੰਚ-ਸਰਪੰਚ, ਬਲਾਕ ਸੰਮਤੀ-ਜ਼ਿਲ੍ਹਾ ਪ੍ਰੀਸ਼ਦ ਦੇ ਮੈਂਬਰ, ਚੇਅਰਮੈਨ ਅਤੇ ਵਿਧਾਨ ਸਭਾ ਤੱਕ ਲਿਜਾਣ ਦੀ ਪਹਿਲ ਕਦਮੀਂ ਦਾ ਵੱਡਾ ਸਿਹਰਾ ਵੀ ਉਨਾਂ ਸਿਰ ਬੱਝਦਾ ਰਿਹਾ ਹੈ।
ਮਾਨਸਾ ਵਿਖੇ ਲਗਭੱਗ 30 ਸਾਲ ਦੇ ਸਮੇਂ ਦੌਰਾਨ ਬੇਸ਼ੱਕ ਉਨ੍ਹਾਂ ਨੂੰ ਚੰਡੀਗੜ੍ਹ ਵਿਖੇ ਸਟੇਟ ਦੀਆਂ ਦਫਤਰੀ ਜ਼ਿੰਮੇਵਾਰੀਆਂ ਦੇ ਕੇ ਉਥੇ ਪੱਕੇ ਟਿਕਾਣੇ ਦੀਆਂ ਆਫਰਾਂ ਵੀ ਮਿਲਦੀਆਂ ਰਹੀਆਂ, ਪਰ ਉਨ੍ਹਾਂ ਨੇ ਚੰਡੀਗੜ੍ਹ ਦੇ ਠੰਡੇ ਕਮਰਿਆਂ ਦੀ ਥਾਂ ਕਹਿਰ ਭਰੀਆਂ ਗਰਮੀ ਦੀਆਂ ਧੁੱਪਾਂ, ਗੂੜੀ ਠੰਡ ਦੀਆਂ ਰੁੱਤਾਂ ਦੌਰਾਨ ਵੀ ਯੂਥ ਕਲੱਬਾਂ ਨਾਲ ਇਕਮਿਕ ਹੁੰਦਿਆਂ ਪਿੰਡ-ਪਿੰਡ ਵਰਕ ਕੈਂਪਾਂ, ਖੂਨਦਾਨ ਕੈਂਪਾਂ,ਯੂਥ ਲੀਡਰਸ਼ਿਪ ਕੈਂਪਾਂ,ਪੇਂਡੂ ਖੇਡ ਮੇਲਿਆਂ, ਯੁਵਕ ਮੇਲਿਆਂ,ਨਸ਼ਿਆਂ ਵਿਰੁੱਧ ਵੱਡੀਆਂ ਮੁਹਿੰਮਾਂ ਤੇ ਸਮਾਜਿਕ ਜਾਗਰੂਕਤਾ ਲਈ ਸੈਮੀਨਾਰ,ਵਿਚਾਰ ਚਰਚਾਵਾਂ, ਲੜਕੇ-ਲੜਕੀਆਂ ਦੇ ਰੁਜ਼ਗਾਰ ਲਈ ਸਿਲਾਈ ਕੇਂਦਰ ਸਕਿੱਲ ਸੈਂਟਰ ਅਤੇ ਹੋਰਨਾਂ ਅਨੇਕਾਂ ਭਲਾਈ ਕਾਰਜਾਂ ਚ ਦਿਨ ਰਾਤ ਸਰਗਰਮ ਰਹੇ।
ਸੇਵਾ ਮੁਕਤੀ ਦੇ ਬਾਅਦ ਉਨ੍ਹਾਂ ਬਿਨਾਂ ਕਿਸੇ ਅਰਾਮ ਤੋਂ ਪਹਿਲੇ ਦਿਨਾਂ ਤੋਂ ਹੀ ਆਪਣੀ ਜ਼ਿੰਦਗੀ ਦੇ ਰੁਝੇਵਿਆਂ ਨੂੰ ਸਮਾਜ ਭਲਾਈ ਦੇ ਲੇਖੇ ਲਾਉਣ ਦਾ ਅਹਿਮ ਫੈਸਲਾ ਲਿਆ ਹੈ। ਸੱਚਮੁੱਚ ਡਾ. ਸੰਦੀਪ ਘੰਡ ਇਕ ਵਿਅਕਤੀ ਨਹੀਂ ਸਗੋਂ ਇਕ ਸੰਸਥਾ ਦਾ ਨਾਂ ਹੈ,ਜਿਹੜੀ ਦਲੇਰੀ, ਮਿਹਨਤ, ਜਜ਼ਬਾ,ਸਮਰਪਿਤ ਭਾਵਨਾ ,ਨੇਕ ਸੁਭਾਅ, ਨਿਮਰਤਾ ,ਸਵੈ ਵਿਸ਼ਵਾਸ, ਜੁਅੱਰਤ ਵਰਗੇ ਅਨੇਕਾਂ ਗੁਣਾਂ ਕਰਕੇ ਤਿੰਨ ਦਹਾਕਿਆਂ ਤੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਅਧਿਕਾਰੀ ਅਤੇ ਵੱਖ-ਵੱਖ ਸੰਸਥਾਵਾਂ ਡਾ ਸੰਦੀਪ ਘੰਡ ਦੇ ਕਦਰਦਾਨ ਰਹੇ,ਹਰ ਕੋਈ ਘੰਡ-ਘੰਡ ਕਰਦਾ ਸੀ। ਦਰਜਨਾਂ ਡਿਪਟੀ ਕਮਿਸ਼ਨਰ,ਐੱਸ. ਐੱਸ. ਪੀ. ਅਤੇ ਅਨੇਕਾਂ ਵਿਭਾਗ ਦੇ ਅਧਿਕਾਰੀ ਉਨ੍ਹਾਂ ਨੂੰ ਆਪਣੀਆਂ ਸਰਗਰਮੀਆਂ ਚ ਭਾਗੀਦਾਰ ਬਣਾਕੇ ਮਾਣ ਮਹਿਸੂਸ ਕਰਦੇ ਸਨ।ਐੱਸ. ਐੱਸ. ਪੀ. ਹਰਦਿਆਲ ਸਿੰਘ ਮਾਨ ਵੇਲੇ ਨਸ਼ਿਆਂ ਵਿਰੋਧੀ ਪਿੰਡ-ਪਿੰਡ ਵਿੱਢੀ ਵੱਡੀ ਮੁਹਿੰਮ, ਐੱਸ. ਐੱਸ.ਪੀ. ਡਾ. ਨਰਿੰਦਰ ਭਾਰਗਵ ਦੇ ਵੇਲੇ ਕਰੋਨਾ ਦੇ ਕਹਿਰ ਦੌਰਾਨ ਉਨ੍ਹਾਂ ਵੱਲ੍ਹੋਂ ਮਨੁੱਖਤਾ ਦੀ ਭਲਾਈ ਲਈ ਕੀਤੇ ਕਾਰਜ ਨੂੰ ਕਦੇ ਨਹੀਂ ਭੁਲਾਇਆ ਜਾ ਸਕਦਾ। ਦਿਨ ਰਾਤ ਆਪਣਾ ਘਰ ਬਾਰ ਛੱਡਕੇ ਸਾਰਾ ਸਾਰਾ ਦਿਨ ਲੋੜਵੰਦਾਂ ਲਈ ਲੰਗਰ,ਕਰੋਨਾ ਪੀੜ੍ਹਤਾਂ ਲਈ ਕੰਮ ਕਰਨਾ ਉਨ੍ਹਾਂ ਦੇ ਹੀ ਹਿੱਸੇ ਆਇਆ ਹੈ। ਵਰਤਮਾਨ ਸਮੇਂ ਦੌਰਾਨ ਵੀ ਡਿਪਟੀ ਕਮਿਸ਼ਨਰ ਬਲਦੀਪ ਕੌਰ ਦੀ ਅਗਵਾਈ ਚ ਜ਼ਿਲ੍ਹਾ ਪ੍ਰਸ਼ਾਸਨ ਦਾ ਉਹ ਕਿਹੜਾ ਕਾਰਜ ਹੈ,ਜਿਸ ਚ ਉਨ੍ਹਾਂ ਦੀ ਭਾਗੀਦਾਰੀ ਨਹੀਂ ਹੁੰਦੀ ਸੀ।
ਡਾ. ਸੰਦੀਪ ਘੰਡ ਦੀ ਅਗਵਾਈ ਚ ਮਾਨਸਾ ਜ਼ਿਲ੍ਹੇ ਦੇ ਹਜ਼ਾਰਾਂ ਨੌਜਵਾਨਾਂ ਨੇ ਤੀਹ ਸਾਲਾਂ ਤੋਂ ਪਿੰਡਾਂ ਦੀਆਂ ਹੱਦਾਂ ਤੋਂ ਸਰਹੱਦਾਂ ਤੱਕ,ਦੇਸ਼ ਦੇ ਕੋਨੇ-ਕੋਨੇ ਜਾ ਕੇ ਆਪਣੀ ਸੋਚ ਦੇ ਦਾਇਰਿਆਂ ਨੂੰ ਵਿਸ਼ਾਲ ਬਣਾਇਆ ਹੈ। ਪਿੰਡਾਂ ਦੀ ਫਿਰਨੀ ਨਾ ਟੱਪਣ ਵਾਲੇ ਅਨੇਕਾਂ ਨੌਜਵਾਨਾਂ , ਖਾਸ ਕਰਕੇ ਘਰੇਲੂ ਲੜਕੀਆਂ ਨੂੰ ਅੰਤਰਰਾਜੀ ਕੈਂਪਾਂ, ਟੂਰ ਪ੍ਰੋਗਰਾਮਾਂ ਚ ਦੇਸ਼ ਦੇ ਵੱਡੇ ਨਗਰਾਂ ਮੁੰਬਈ, ਗੋਆ,ਦਰਜਨਾਂ ਰਾਜਾਂ ਚ ਵੱਖ-ਵੱਖ ਪਲੇਟਫਾਰਮ ਮੁਹੱਈਆਂ ਕਰਵਾਉਣ ਦੀ ਪਹਿਲ ਕਦਮੀਂ ਨੇ ਜੋ ਜਗਿਆਸਾ ਉਨ੍ਹਾਂ ਦੇ ਮਨਾਂ ਚ ਪੈਦਾ ਕੀਤੀ, ਉਸ ਨੇ ਉਨ੍ਹਾਂ ਦੀ ਸੋਚ ਚ ਵੱਡੀ ਤਬਦੀਲੀ ਲਿਆਂਦੀ, ਅਨੇਕਾਂ ਲੜਕੇ -ਲੜਕੀਆਂ ਮੁੜ ਪੜ੍ਹਨ ਪੜ੍ਹਾਉਣ ਦੇ ਰੁਝਾਨ ਚ ਪਏ ,ਅਨੇਕਾਂ ਨੇ ਸਵੈ ਰੁਜ਼ਗਾਰ ਦੇ ਧੰਦਿਆਂ ਨਾਲ ਆਪਣੇ ਭਵਿੱਖ ਨੂੰ ਜ਼ਿੰਦਗੀ ਦੇ ਸੁਨਹਿਰੀ ਪਲਾਂ ਵੱਲ ਤੋਰਿਆ।
ਡਾ ਸੰਦੀਪ ਘੰਡ ਨੇ ਜਦੋਂ ਮਾਨਸਾ ਜ਼ਿਲ੍ਹੇ ਦਾ ਕਾਰਜਭਾਰ ਸੰਭਾਲਿਆ, ਤਾਂ ਉਨ੍ਹਾਂ ਵਿਭਾਗ ਦੇ 450 ਲੇਖਾਕਾਰਾਂ ਲਈ ਵੀ ਵੱਡੀ ਜੰਗ ਲੜੀ ਹੈ। ਨਾ-ਮਾਤਰ ਤਨਖਾਹਾਂ ਕਈ ਗੁਣਾਂ ਹੋਈਆਂ, ਫਿਰ ਅਗਲੇ ਪੜਾਅ ਦੌਰਾਨ ਪੈਨਸ਼ਨ ਦੀ ਲੜਾਈ ਵੀ ਲੜੀ,ਆਖਰ ਵੱਡੀ ਜਿੱਤ ਹੋਈ, 1988 ਤੋਂ ਲੈ ਲੱਖਾਂ ਰੁਪਏ ਦੇ ਮੁਲਾਜ਼ਮਾਂ ਨੂੰ ਬਕਾਏ ਮਿਲੇ,ਪੈਨਸ਼ਨਾਂ ਲੱਗੀਆਂ, ਨਹਿਰੂ ਯੁਵਾ ਕੇਂਦਰ ਦੇ ਮੁਲਾਜ਼ਮ ਕੱਖਾਂ ਤੋਂ ਲੱਖਾਂ ਹੋ ਗਏ।
ਡਾ ਸੰਦੀਪ ਘੰਡ ਨੇ ਹੋਰਨਾਂ ਨੌਜਵਾਨਾਂ ਦਾ ਖੂਨਦਾਨ ਕਰਵਾਕੇ ਹੀ ਨਹੀਂ, ਸਗੋਂ ਆਪਣੇ ਦੋਨੋਂ ਬੱਚਿਆਂ ਸਿਮਰਨ, ਹਰਮਨ ਦੇ ਜਨਮ ਦਿਨਾਂ ‘ਤੇ ਉਨ੍ਹਾਂ ਦਾ ਖੂਨਦਾਨ ਕਰਕੇ ਖੂਨਦਾਨ ਮੁਹਿੰਮ ਦਾ ਮੁੱਢ ਬੰਨ੍ਹਿਆ,ਜੋ ਹੋਰਨਾਂ ਨਵੇਂ ਨੌਜਵਾਨਾਂ ਲਈ ਪ੍ਰੇਰਨਾ ਬਣੀ। ਖੁਦ ਦਰਜਨਾਂ ਵਾਰ ਖੂਨਦਾਨ ਕਰਕੇ ਸੈਂਕੜੇ ਖੂਨਦਾਨ ਕੈਂਪ ਪਿੰਡ-ਪਿੰਡ ਯੂਥ ਕਲੱਬਾਂ ਦੇ ਸਹਿਯੋਗ ਨਾਲ ਲਵਾਏ,ਜਿਸ ਨਾਲ ਹਜ਼ਾਰਾਂ ਲੋੜਵੰਦ ਮਰੀਜ਼ਾਂ ਨੂੰ ਨਵੀਂ ਜ਼ਿੰਦਗੀ ਮਿਲੀ।
35 ਵਰ੍ਹਿਆਂ ਦੌਰਾਨ ਯੂਥ ਕਲੱਬਾਂ ਦੀ ਅਗਵਾਈ ਕਰਦਿਆਂ ਅਨੇਕਾਂ ਲੋਕ ਭਲਾਈ ਦੇ ਕਾਰਜ ਕੀਤੇ, ਜੇ ਉਹ ਚਾਹੁੰਦੇ ਤਾਂ ਦਰਜਨਾਂ ਐਵਾਰਡ ਆਪਣੀ ਝੋਲੀ ਪਾ ਸਕਦੇ ਸਨ,ਪਰ ਉਨ੍ਹਾਂ ਨੇ ਪਿੰਡਾਂ ਦੇ ਉਨਾਂ ਕਲੱਬ ਆਗੂਆਂ ਨੂੰ ਇਹ ਐਵਾਰਡ ਦਿਵਾਏ ਜੋ ਸਮਾਜ ਭਲਾਈ ਦੇ ਕਾਰਜ ਕਰਦਿਆਂ ਹੋਰਨਾਂ ਨੌਜਵਾਨਾਂ ਲਈ ਪ੍ਰੇਰਨਾ ਬਣੇ।ਉਨ੍ਹਾਂ ਦੇ ਅਗਵਾਈ ਚ ਮਾਲਵਾ ਕਲੱਬ ਅਕਲੀਆ ਦੇ ਪ੍ਰਧਾਨ ਸੋਹਣ ਸਿੰਘ ਨੂੰ ਰਾਸ਼ਟਰਪਤੀ ਹੱਥੋਂ ਨੈਸ਼ਨਲ ਐਵਾਰਡ ਮਿਲਿਆ ਅਤੇ ਇਕ ਦਰਜ਼ਨ ਦੇ ਕਰੀਬ ਕਲੱਬ ਆਗੂਆਂ /ਵਲੰਟੀਅਰਾਂ ਸੰਦੀਪ ਕੌਰ ਭੀਖੀ, ਰੇਨੂੰ ਪਰੋਚਾ,ਮਨੋਜ ਕੁਮਾਰ ਛਾਪਿਆਂਵਾਲੀ, ਮਦਨ ਲਾਲ ਫੱਤਾ, ਜੱਗਾ ਸਿੰਘ ਅਲੀਸ਼ੇਰ,ਨਿਰਮਲ ਮੌਜੀਆ,ਅਮਨਦੀਪ ਹੀਰਕੇ, ਰਾਜਿੰਦਰ ਵਰਮਾ ਨੂੰ ” ਸ਼ਹੀਦ-ਦੇ- ਆਜ਼ਮ ਭਗਤ ਸਿੰਘ ਯੁਵਾ ਪੁਰਸਕਾਰ” ਮਿਲੇ। ਇਸ ਤੋਂ ਇਲਾਵਾ ਹੋਰਨਾਂ ਵੱਖ-ਵੱਖ ਮੁਕਾਬਲਿਆਂ ਚ ਡਾ. ਸੰਦੀਪ ਘੰਡ ਦੀ ਅਗਵਾਈ ਚ ਨੌਜਵਾਨਾਂ ਨੇ ਰਾਜ ਅਤੇ ਕੌਮੀ ਪੱਧਰ ਦੇ ਮਾਣ-ਸਨਮਾਨ ਹਾਸਲ ਕੀਤੇ। ਡਾ. ਸੰਦੀਪ ਘੰਡ ਨੇ 1987 ਵਿੱਚ ਸਟੇਟ ਐਵਾਰਡ ਲਈ ਅਪਲਾਈ ਕੀਤਾ ਸੀ,ਉਸ ਸਮੇਂ ਦੌਰਾਨ ਪੰਜਾਬ ਦੇ ਇਕੋ ਜ਼ਿਲ੍ਹੇ ਨਾਲ ਸਬੰਧਤ ਉਨ੍ਹਾਂ ਨੌਜਵਾਨਾਂ ਨੂੰ ਇਹ ਐਵਾਰਡ ਦਿੱਤੇ ਗਏ, ਜਿੰਨਾਂ ਨੇ ਅੰਤਰਰਾਸ਼ਟਰੀ ਪੱਧਰ ਦੇ ਕਿਸੇ ਸਮਾਗਮ ਚ ਸ਼ਮੂਲੀਅਤ ਕੀਤੀ ਸੀ ।ਫਿਰ 1988 ਚ ਡਾ ਸੰਦੀਪ ਘੰਡ ਨਹਿਰੂ ਯੁਵਾ ਕੇਂਦਰ ਦਾ ਹਿੱਸਾ ਬਣੇ। ਫਿਰ ਮੁੜ ਉਨ੍ਹਾਂ ਨੇ ਕਦੇ ਕਿਸੇ ਐਵਾਰਡ ਲਈ ਅਰਜ਼ੀ ਨਹੀਂ ਪਾਈ,ਸਗੋਂ ਹੋਰਨਾਂ ਨੌਜਵਾਨਾਂ ਨੂੰ ਉਤਸ਼ਾਹਿਤ ਕਰਦੇ ਰਹੇ।
ਲੇਖਾ ਅਤੇ ਪ੍ਰੋਗਰਾਮ ਅਫ਼ਸਰ ਡਾ ਸੰਦੀਪ ਘੰਡ ਨੇ ਨਹਿਰੂ ਯੁਵਾ ਕੇਂਦਰ ਤੋਂ ਸ਼ਾਨਦਾਰ ਵਿਦਾਇਗੀ ਬਾਅਦ ਦੂਜੀ ਪਾਰੀ ਨੂੰ ਲੋਕ ਭਲਾਈ ਕਾਰਜਾਂ ਦੇ ਲੇਖੇ ਲਾਉਣ ਦਾ ਅਹਿਮ ਨਿਰਣਾ ਲਿਆ ਹੈ। ਜੇ ਉਹ ਚਾਹੁੰਦੇ ਤਾਂ ਕੈਨੇਡਾ ਵਿਖੇ ਚੰਗੇ ਅਹੁਦਿਆਂ ‘ਤੇ ਸੈੱਟ ਆਪਣੇ ਦੋਨੋਂ ਹੋਣਹਾਰ ਪੁੱਤਰਾਂ ਕੋਲ ਜਾ ਕੇ ਐਸ਼ ਦੀ ਜ਼ਿੰਦਗੀ ਗੁਜ਼ਾਰ ਸਕਦੇ ਸੀ,ਪਰ ਸਾਰੀ ਉਮਰ ਨੌਜਵਾਨ ਸਰਗਰਮੀਆਂ ਅਤੇ ਲੋਕ ਭਲਾਈ ਕਾਰਜਾਂ ਨੂੰ ਸਮਰਪਿਤ ਰਹੇ ਡਾ ਸੰਦੀਪ ਘੰਡ ਨੇ ਹੁਣ ਸਰਕਾਰੀ ਬੰਦਸ਼ਾਂ ਤੋਂ ਉਪਰ ਉਠਕੇ ਹੋਰ ਸਰਗਰਮੀ ਨਾਲ ਪਹਿਲਾ ਵਾਲੇ ਕਾਰਜਾਂ ਚ ਇਕਮਿਕ ਹੋਣ ਦਾ ਫੈਸਲਾ ਕੀਤਾ ਹੈ।

