ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਮੂੰਗੀ ਦੀ ਫਸਲ ਦੀ ਬਿਜਾਈ ਨਾ ਕਰਨ ਦੀ ਕੀਤੀ ਅਪੀਲ
ਸੰਜੀਵ ਜਿੰਦਲ ( Prime Post Punjab)
ਮਾਨਸਾ, 22 ਅਪ੍ਰੈਲ 2023 :ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਦੀਆਂ ਹਦਾਇਤਾਂ ਅਤੇ ਮੁੱਖ ਖੇਤੀਬਾੜੀ ਅਫ਼ਸਰ ਡਾ. ਸੱਤਪਾਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਉੱਨਤ ਖੇਤੀ ਮਿਸ਼ਨ ਅਧੀਨ ਨਰਮੇ ਦੇ ਫਸਲ ਹੇਠ ਰਕਬਾ ਵਧਾਉਣ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋ ਅੱਜ ਪਿੰਡ ਮੋਜਿਆ ਵਿਖੇ ਜਾਗਰੂਕਤਾ ਕੈਂਪ ਦਾ ਆਯੋਜਨ ਕੀਤਾ ਗਿਆ।
ਇਸ ਮੌਕੇ ਜ਼ਿਲ੍ਹਾ ਸਿਖਲਾਈ ਅਫ਼ਸਰ ਡਾ. ਸੁਰੇਸ਼ ਕੁਮਾਰ ਨੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ ਕਿ ਇਸ ਸਾਲ ਪਹਿਲੀ ਵਾਰ ਪੰਜਾਬ ਸਰਕਾਰ ਵੱਲੋ ਨਰਮੇ ਦੇ ਬੀਜ ਦੇ ਪੈਕਟ ’ਤੇ 33 ਫੀਸਦੀ ਸਬਸਿਡੀ ਦਿੱਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨ ਪੰਜਾਬ ਸਰਕਾਰ ਅਤੇ ਪੰਜਾਬ ਐਗਰੀਕਲਚਰ ਯੁਨੀਵਰਸਿਟੀ ਲੁਧਿਆਣਾ ਵੱਲੋ ਸਿਫਾਰਸ਼ਾਂ ਕੀਤੀਆਂ ਕਿਸਮਾਂ ਹੀ ਬੀਜਣ ਅਤੇ ਦੁਕਾਨਦਾਰ ਤੋਂ ਨਰਮੇ ਦੇ ਬੀਜ ਖਰੀਦਣ ਸਮੇਂ ਪੱਕਾ ਬਿੱਲ ਲਿਆ ਜਾਵੇ, ਤਾਂ ਜੋ ਭਵਿੱਖ ਵਿੱਚ ਕਿਸੇ ਕਿਸਮ ਦੀ ਮੁਸ਼ਕਿਲ ਨਾ ਆਵੇ।
ਸਹਾਇਕ ਕਪਾਲ ਵਿਸਥਾਰ ਅਫ਼ਸਰ ਡਾ. ਮਨੋਜ ਕੁਮਾਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਸਾਲ ਵੱਧ ਤੋਂ ਵੱਧ ਰਕਬਾ ਨਰਮੇ ਦੀ ਫਸਲ ਹੇਠ ਬੀਜਿਆ ਜਾਵੇ, ਤਾਂ ਜੋ ਭਵਿੱਖ ਵਿੱਚ ਪਾਣੀ ਦੀ ਬੱਚਤ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਨਰਮੇ ਦੀ ਫਸਲ ਨੂੰ ਚਿੱਟੀ ਮੱਖੀ ਦੇ ਹਮਲੇ ਤੋਂ ਬਚਾਉਣ ਲਈ ਮੂੰਗੀ ਦੀ ਫਸਲ ਦੀ ਬਿਜਾਈ ਨਾ ਕੀਤੀ ਜਾਵੇ। ਖੇਤੀਬਾੜੀ ਵਿਕਾਸ ਅਫ਼ਸਰ ਡਾ. ਮਨਦੀਪ ਸਿੰਘ ਵੱਲੋਂ ਕਿਸਾਨਾਂ ਨਾਲ ਝੋਨੇ ਦੀਆਂ ਪਰਮਲ ਕਿਸਮਾਂ ਅਤੇ ਬਾਸਮਤੀ ਝੋਨੋ ਦੀ ਬਿਜਾਈ ਦੇ ਜਰੂਰੀ ਨੁਕਤੇ ਸਾਝੇ ਕੀਤੇ ਗਏ।ਇਸ ਮੌਕੇ ਖੇਤੀਬਾੜੀ ਉਪ ਨਿਰੀਖੱਕ ਹਰਚੇਤ ਸਿੰਘ, ਸੁਪਰਵਾਈਜ਼ਰ ਬਲਜਿੰਦਰ ਸਿੰਘ, ਗੁਰਦੀਪ ਸਿੰਘ ਬੇਲਦਾਰ, ਅਤੇ ਕਿਸਾਨ ਮਿੱਤਰ ਪ੍ਰਗਟ ਸਿੰਘ ਮੋਜੂਦ ਸਨ।

