ਜ਼ਿਲ੍ਹਾ ਪੱਧਰੀ ਸਟੀਰਿੰਗ ਕਮੇਟੀ ਅਤੇ ਮੋਨੀਟਰਿੰਗ ਕਮੇਟੀ ਦੀ ਹੋਈ ਅਹਿਮ ਮੀਟੰਗ
ਸੰਜੀਵ ਜਿੰਦਲ ( Prime Post Punjab)
ਮਾਨਸਾ, 22 ਅਪ੍ਰੈਲ 2023 :ਸਰਕਾਰ ਵੱਲੋਂ ਨਿਪੁੰਨ ਭਾਰਤ ਮਿਸ਼ਨ ਤਹਿਤ ਪ੍ਰੀ-ਪ੍ਰਾਇਮਰੀ ਤੋਂ ਤੀਸਰੀ ਜਮਾਤ ਤੱਕ ਦੇ ਸਾਰੇ ਵਿਦਿਆਰਥੀਆਂ ਵਿੱਚ ਸਾਲ 2026-27 ਤੱਕ ਮੁੱਢਲੀਆਂ ਕੁਸ਼ਲਤਾਵਾਂ (ਫਾਊਂਡੇਸ਼ਨ ਲਿਟਰੇਸੀ ਅਤੇ ਨਿਊਮਰੇਸੀ) ਵਿੱਚ ਨਿਪੁੰਨਤਾ ਹਾਸਿਲ ਕਰਨ ਦਾ ਟੀਚਾ ਰੱਖਿਆ ਗਿਆ ਹੈ। ਇਸ ਮਿਸ਼ਨ ਤਹਿਤ ਹਰ ਵਿਦਿਆਰਥੀ ਦੇ ਸਿੱਖਣ ਦੇ ਪੱਧਰ ਨੂੰ ਵਾਚਣ ਲਈ ਮੁੱਖ ਤੌਰ ’ਤੇ 2 ਤਰ੍ਹਾਂ ਦੇ ਮੁਲਾਂਕਣ (ਸਕੂਲ ਅਧਾਰਿਤ ਮੁਲਾਂਕਣ ਅਤੇ ਵੱਡੇ ਪੱਧਰ ’ਤੇ ਮੁਲਾਂਕਣ) ਕਰਨ ਦੀ ਯੋਜਨਾਬੰਦੀ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ ਸਿੱਖਿਆ) ਸ਼੍ਰੀਮਤੀ ਭੁਪਿੰਦਰ ਕੌਰ ਨੇ ਸਿੱਖਿਆ ਵਿਭਾਗ ਦੀ ਸਕੀਮ ਫਾਊਂਡੇਸ਼ਨ ਲਿਟਰਸੀ ਐਂਡ ਨਿਊਮਰੇਸੀ ਪ੍ਰੋਗਰਾਮ ਦੀ ਸਮੀਖਿਆ ਕਰਨ ਲਈ ਜ਼ਿਲ੍ਹਾ ਪੱਧਰ ਦੀ ਰੀਵਿਊ ਅਤੇ ਮੋਨੀਟਰਿੰਗ ਕਮੇਟੀ ਨਾਲ ਮੀਟਿੰਗ ਦੌਰਾਨ ਕੀਤਾ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਸ਼੍ਰੀ ਹਰਿੰਦਰ ਸਿੰਘ ਵੀ ਮੌਜੂਦ ਸਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਦੱਸਿਆ ਕਿ ਨਿਪੁੰਨ ਭਾਰਤ ਮਿਸ਼ਨ ਤਹਿਤ ਜਮਾਤ ਅਨੁਸਾਰ ਲੋੜੀਂਦੇ ਕੁਸ਼ਲਤਾ ਪੱਧਰ ਤੋਂ ਪਿੱਛੇ ਰਹਿ ਗਏ ਵਿਦਿਆਰਥੀਆਂ ਦੀ ਸ਼ਨਾਖ਼ਤ ਅਤੇ ਪੜ੍ਹਨ ਪੜ੍ਹਾਉਣ ਪ੍ਰਕਿਰਿਆ ਨੂੰ ਹੋਰ ਸੁਧਾਰਨ ਲਈ ਸਿਖਲਾਈ ਦਿੱਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਮਿਸ਼ਨ ਤਹਿਤ ਕੁਝ ਟੀਚੇ ਮਿੱਥੇ ਗਏ ਹਨ ਜਿਵੇਂ ਪ੍ਰੀ-ਪ੍ਰਾਇਮਰੀ ਜਮਾਤ ਦੇ ਵਿਦਿਆਰਥੀਆਂ ਲਈ ਅੱਖਰਾਂ ਅਤੇ ਧੁਨੀਆਂ ਦੀ ਪਹਿਚਾਣ, ਵਿਦਿਆਰਥੀ ਘੱਟੋ-ਘੱਟ 2-3 ਅੱਖਰਾਂ ਵਾਲੇ ਸ਼ਬਦ ਪੜ੍ਹ ਸਕਣ, 10 ਤੱਕ ਅੰਕਾਂ ਦੀ ਪਹਿਚਾਣ ਅਤੇ ਪੜ੍ਹਨਾ ਅਤੇ ਅੰਕਾਂ, ਵਸਤੂਆਂ, ਆਕ੍ਰਿਤੀਆਂ ਤੇ ਘਟਨਾਂਵਾਂ ਨੂੰ ਸਹੀ ਤਰਤੀਬ ਦੇਣ ਦੇ ਕਾਬਿਲ ਬਣ ਸਕਣ।
ਉਨ੍ਹਾਂ ਦੱਸਿਆ ਕਿ ਜਮਾਤ ਪਹਿਲੀ ਦੇ ਵਿਦਿਆਰਥੀ 4-5 ਸ਼ਬਦਾਂ ਵਾਲੇ ਸਧਾਰਨ ਵਾਕ ਪੜ੍ਹ ਸਕਣ, 99 ਤੱਕ ਗਿਣਤੀ ਨੂੰ ਪੜ੍ਹਨਾ ਅਤੇ ਲਿਖਣਾ ਅਤੇ ਸਧਾਰਨ ਜੋੜ ਅਤੇ ਘਟਾਓ ਕਰ ਸਕਣ। ਦੂਜੀ ਜਮਾਤ ਦੇ ਵਿਦਿਆਰਥੀ 45-60 ਸ਼ਬਦਾਂ ਨੂੰ ਪ੍ਰਤੀ ਮਿੰਟ ਪੜ ਸਕਣ, 999 ਤੱਕ ਗਿਣਤੀ ਨੂੰ ਪੜ੍ਹਨ ਅਤੇ ਲਿਖਣ ਅਤੇ 99 ਤੱਕ ਘਟਾਓ ਕਰ ਸਕਣ। ਇਸੇ ਤਰ੍ਹਾਂ ਤੀਸਰੀ ਜਮਾਤ ਤੱਕ ਦੇ ਵਿਦਿਆਰਥੀ 60 ਸ਼ਬਦ ਪ੍ਰਤੀ ਮਿੰਟ ਪੜ੍ਹਨ, 9999 ਤੱਕ ਗਿਣਤੀ ਨੂੰ ਪੜ੍ਹਨ ਅਤੇ ਗੁਣਾ ਕਰਨਾ ਸਿੱਖਣ। ਉਨ੍ਹਾਂ ਕਿਹਾ ਕਿ ਅਧਿਆਪਕਾਂ ਨੂੰ ਇਨ੍ਹਾਂ ਗਤੀਵਿਧੀਆਂ ਨੂੰ ਕਰਵਾਉਣ ਲਈ ਸਬੰਧਤ ਸਹਾਇਕ ਸਮੱਗਰੀ ਵੀ ਮੁਹੱਈਆ ਕਰਵਾਈ ਗਈ ਹੈ, ਤਾਂ ਜੋ ਵਿਦਿਆਰਥੀਆਂ ਨੂੰ ਮੁੱਢਲੀ ਸਿੱਖਿਆ ਤੋਂ ਹੀ ਮਜ਼ਬੂਤ ਕੀਤਾ ਜਾ ਸਕੇ। ਇਸ ਮੌਕੇ ਉਨ੍ਹਾਂ ਕਮੇਟੀ ਮੈਂਬਰਾਂ ਛੋਟੇ ਵਿਦਿਆਰਥੀਆਂ ਦੀ ਸਿੱਖਿਆ ਵਿੱਚ ਹੋਰ ਸੁਧਾਰ ਲਿਆਉਣ ਲਈ ਸੁਝਾਅ ਮੰਗੇ।
ਉਨ੍ਹਾਂ ਦੱਸਿਆ ਕਿ ਸਿੱਖਿਆ ਵਿਭਾਗ ਵੱਲੋਂ ਹੁਣ ਤੱਕ ਕੀਤੇ ਉਪਰਾਲਿਆਂ ਤਹਿਤ ਪ੍ਰੀ-ਪ੍ਰਾਇਮਰੀ ਜਮਾਤਾਂ ਵਿੱਚ ਪਿਛਲੇ ਸੈਸ਼ਨ ਦੇ ਮੁਕਾਬਲੇ 20 ਫੀਸਦੀ ਦਾਖਲੇ ਵਿੱਚ ਵਾਧਾ ਕੀਤਾ ਗਿਆ ਹੈ ਅਤੇ ਪ੍ਰਾਇਮਰੀ ਜਮਾਤਾਂ ਵਿੱਚ 4 ਫੀਸਦੀ ਵਾਧਾ ਹੋਇਆ ਹੈ। ਉਨ੍ਹਾ ਦੱਸਿਆ ਕਿ ਪਿਛਲੇ ਸ਼ੈਸ਼ਨ ਵਿੱਚ ਪੰਜਵੀਂ ਜਮਾਤ ਦਾ ਨਤੀਜਾ ਵੀ 98.81 ਫੀਸਦੀ ਸ਼ਲਾਘਾਯੋਗ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ ਸਰਕਾਰੀ ਸਕੂਲਾਂ ਦੇ 25 ਵਿਦਿਆਰਥੀਆਂ ਨੇ 100 ਫੀਸਦੀ ਅੰਕ ਪ੍ਰਾਪਤ ਕੀਤੇ ਹਨ ਅਤੇ ਸੂਬੇ ਦੇ ਪਹਿਲੇ 2 ਸਥਾਨ ਮਾਨਸਾ ਜ਼ਿਲ੍ਹੇ ਨੇ ਪ੍ਰਾਪਤ ਕੀਤੇ ਹਨ। ਇਨ੍ਹਾਂ ਕਾਰਜਾਂ ਦੀ ਸਾਰੇ ਕਮੇਟੀ ਮੈਂਬਰਾਂ ਵੱਲੋਂ ਸ਼ਲਾਘਾ ਕੀਤੀ ਗਈ।
ਇਸ ਮੌਕੇ ਮਿਊਂਸਪਲ ਕਾਊਂਸਲਰ ਕੁਲਵਿੰਦਰ ਕੌਰ ਮਹਿਤਾ, ਐਫ.ਐਸ.ਓ. ਸੀਮਾ ਰਾਣੀ, ਬੀ.ਪੀ.ਈ.ਓ. ਅਮਨਦੀਪ ਸਿੰਘ, ਹਰਦੀਪ ਸਿੰਘ ਸਿੱਧੂ, ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜ੍ਹਾਓ ਪੰਜਾਬ ਗੁਰਨੈਬ ਸਿੰਘ, ਸਹਾਇਕ ਕੋਆਰਡੀਨੇਟਰ ਗਗਨਦੀਪ ਸ਼ਰਮਾ, ਕੇਸਰ ਚੰਦ, ਅਮਨਦੀਪ ਸਿੰਘ ਹਾਜ਼ਰ ਸਨ।

