ਸੰਜੀਵ ਜਿੰਦਲ ( Prime Post Punjab )
ਮਾਨਸਾ, 19 ਅਪ੍ਰੈਲ 2023 : ਪਿਛਲੇ ਕਾਫੀ ਲੰਬੇ ਸਮੇਂ ਤੋਂ ਚੱਲ ਰਹੀ ਕਚਹਿਰੀ ਰੋਡ ਗਾਗੋਵਾਲ ਸਟਰੀਟ ਦੀ ਸੀਵਰੇਜ ਦੀ ਗੰਦਗੀ ਦੀ ਸਮੱਸਿਆ ਉਸੇ ਤਰ੍ਹਾਂ ਬਰਕਰਾਰ ਹੈ l ਇਸ ਗਲੀ ਦੇ ਵਸਨੀਕ ਨਗਰ ਕੌਂਸਲ ਮਾਨਸਾ ਦੀ ਕਾਰਗੁਜ਼ਾਰੀ ਤੋਂ ਕਾਫੀ ਨਿਰਾਸ਼ ਹਨ l ਦੱਸ ਦੇਈਏ ਕਿ ਇਹ ਗਲੀ ਡਿਪਟੀ ਕਮਿਸ਼ਨਰ ਮਾਨਸਾ ਦੇ ਦਫਤਰ ਦੇ ਬਿਲਕੁਲ ਨਾਲ ਲੱਗਦੀ ਹੈ l
ਜ਼ਿਕਰਯੋਗ ਹੈ ਕਿ ਸਾਬਕਾ ਮਰਹੂਮ ਮੰਤਰੀ ਸ਼ੇਰ ਸਿੰਘ ਗਾਗੋਵਾਲ ਦੇ ਪਰਿਵਾਰ ( ਕਾਂਗਰਸ ਜਿਲ੍ਹਾ ਪ੍ਰਧਾਨ ਮਾਈਕਲ ਗਾਗੋਵਾਲ ) ਦੀ ਰਿਹਾਇਸ਼ ਵੀ ਇਸੇ ਗਲੀ ਵਿਚ ਹੈ l ਜਿਲ੍ਹੇ ਦੇ ਪ੍ਰਸ਼ਾਸਨ ਅਤੇ ਅਧਿਕਾਰੀਆਂ ਵੱਲੋਂ ਮਾਨਸਾ ਜ਼ਿਲ੍ਹੇ ਨੂੰ ਸਾਫ਼-ਸੁਥਰਾ ਵਾਤਾਵਰਨ ਦੇਣ ਦੀਆਂ ਦਲੀਲਾਂ ਦਿੱਤੀਆਂ ਜਾਂਦੀਆਂ ਹਨ ਪਰ ਇਹ ਕਾਗਜੀ ਗੱਲਾਂ ਹਨ l

ਪੀੜਤ ਸ਼ਹਿਰ ਵਾਸੀਆਂ ਨੇ ਆਪਣੀ ਸਮੱਸਿਆ ਜ਼ਾਹਰ ਕਰਦੇ ਹੋਏ ਕਿਹਾ ਕਿ ਲੰਬੇ ਤੋਂ ਸੀਵਰੇਜ ਬੰਦ ਹੋਣ ਕਾਰਨ ਸ਼ਹਿਰ ਦਾ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਅਤੇ ਗਲੀਆਂ ’ਚ ਜਮ੍ਹਾ ਹੋਣ ਕਰਕੇ ਨਰਕ ’ਚ ਦਿਨ ਕੱਟਣੇ ਪੈ ਰਹੇ ਹਨ। ਸਰਕਾਰੇ ਦਰਬਾਰੇ ਕਈ ਵਾਰ ਗੁਹਾਰ ਲਗਾਈ ਪਰ ਕੋਈ ਹੱਲ ਨਹੀਂ ਹੋ ਰਿਹਾ।


ਇਹ ਤਸਵੀਰਾਂ ਸ਼ਹਿਰ ਦੇ ਹੋਏ ਵਿਕਾਸ ਦੀ ਪੋਲ ਖੋਲ੍ਹ ਰਹੀਆਂ ਹਨ l ਗਲੀ ਵਿੱਚ ਫੈਲੇ ਗੰਦੇ ਪਾਣੀ ਕਾਰਨ ਮੁਹੱਲੇ ‘ਚ ਬਿਮਾਰੀਆਂ ਫੈਲਣ ਦਾ ਖਦਸ਼ਾ ਬਣਿਆ ਹੋਇਆ ਤੇ ਦੂਜੇ ਪਾਸੇ ਬਿਮਾਰੀਆਂ ਦਾ ਪ੍ਰਕੋਪ ਜ਼ੋਰਾਂ ‘ਤੇ ਹੈ, ਜਿਸ ਕਾਰਨ ਏਰੀਏ ‘ਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਮੁਹੱਲਾ ਵਾਸੀਆਂ ਦਾ ਕਹਿਣਾ ਹੈ ਕਿ ਕਈ ਵਾਰ ਸ਼ਿਕਾਇਤਾਂ ਲਿਖਾਉਣ ਤੋਂ ਬਾਅਦ ਵੀ ਸਮੱਸਿਆ ਜਿਉਂ ਦੀ ਤਿਉਂ ਹੀ ਹੈ। ਮੁਹੱਲਾ ਨਿਵਾਸੀਆਂ ਦਾ ਕਹਿਣਾ ਹੈ ਕਿ ਜਲਦੀ ਹੀ ਜੇਕਰ ਉਹਨਾਂ ਦੀ ਸਮੱਸਿਆ ਦਾ ਹੱਲ ਨਾ ਕੀਤਾ ਗਿਆ ਤਾਂ ਉਹ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨਾ ਲਗਾਉਣ ਲਈ ਮਜ਼ਬੂਰ ਹੋ ਜਾਣਗੇ, ਜਿਸਦੀ ਜਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।

ਜ਼ਿਕਰਯੋਗ ਹੈ ਕਿ ਮੁਹੱਲਾ ਨਿਵਾਸੀਆਂ ਨੇ ਇਸ ਦੀ ਸ਼ਿਕਾਇਤ ਮੁੱਖ ਮੰਤਰੀ ਪੰਜਾਬ ਨੂੰ ਵੀ ਕੀਤੀ ਹੈ l ਪਰ ਇਹ ਸਭ ਕੁਝ ਦੇਖ ਕੇ ਇੰਜ ਲੱਗਦਾ ਹੈ ਕਿ ਸਾਰੇ ਅਧਿਕਾਰੀ ਆਪਣੀ ਮਰਜ਼ੀ ਨਾਲ ਕੰਮ ਕਰਦੇ ਹਨ l ਅੰਦਰੂਨੀ ਸੂਤਰਾਂ ਤੋਂ ਇਹ ਵੀ ਜਾਣਕਾਰੀ ਮਿਲੀ ਹੈ ਕਿ ADC ਵਿਕਾਸ ਦੇ ਦਫਤਰ ਤੋਂ ਸੰਬੰਧਿਤ SDO ਨੂੰ ਵੀ ਫੋਨ ਕੀਤਾ ਗਿਆ ਪਰ ਕੰਨ ਤੇ ਜੂੰ ਨਹੀਂ ਸਰਕੀ l

