ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਯੋਜਨਾ ’ਚ ਸਿੱਖਿਆਰਥੀਆਂ ਨੂੰ ਮੁਫਤ ਵਿੱਚ ਵਰਦੀ, ਬੈਗ ਅਤੇ ਕਿਤਾਬਾਂ ਦੀ ਸੁਵਿਧਾ ਉਪਲੱਬਧ
ਸੰਜੀਵ ਜਿੰਦਲ ( Prime Post Punjab )
ਮਾਨਸਾ, 13 ਅਪ੍ਰੈਲ 2023 : ਪੰਜਾਬ ਸਰਕਾਰ ਵੱਲੋਂ ਪੇਂਡੂ ਅਤੇ ਸ਼ਹਿਰੀ ਨੌਜਵਾਨਾਂ ਨੂੰ ਵੱਧ ਤੋਂ ਵੱਧ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਪੰਜਾਬ ਸਕਿੱਲ ਡਿਵੈੱਲਪਮੈਂਟ ਮਿਸ਼ਨ ਤਹਿਤ ਵੱਖ-ਵੱਖ ਕੋਰਸਾਂ ਦੀ ਮੁਫ਼ਤ ਸਿਖਲਾਈ ਮੁਹੱਈਆ ਕਰਵਾਈ ਜਾ ਰਹੀ ਹੈ। ਇਨਾਂ ਵਿਚਾਰਾਂ ਦਾ ਪ੍ਰਗਾਵਾ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ. ਬੈਨਿਥ ਨੇ ਸਰਦੂਲਗੜ ਸਕਿੱਲ ਸੈਂਟਰ ਵਿੱਚ ਟਰੇਨਿੰਗ ਪ੍ਰਾਪਤ ਕਰ ਰਹੇ ਨੌਜਵਾਨ ਲੜਕੇ ਅਤੇ ਲੜਕੀਆਂ ਨੂੰ ਸਿਖਲਾਈ ਕਿੱਟਾਂ ਸੌਂਪਣ ਮੌਕੇ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਵੱਲੋਂ ਸਕਿੱਲ ਸੈਂਟਰ ਵਿਖੇ ਟੇ੍ਰਨਰਾਂ ਨੂੰ ਹਰੇਕ ਕੋਰਸ ਦੀ ਚੰਗੇ ਤਰੀਕੇ ਨਾਲ ਸਿਖਲਾਈ ਮੁਹੱਈਆ ਕਰਵਾਉਣ ਦੇ ਆਦੇਸ਼ ਦਿੱਤੇ। ਉਨਾਂ ਨੌਜਵਾਨ ਸਿੱਖਿਆਰਥੀਆਂ ਨੂੰ ਵੱਖ-ਵੱਖ ਕਿੱਤਾਮੁਖੀ ਕੋਰਸਾਂ ਦੀ ਸਿਖਲਾਈ ਲੈਣ ਤੋਂ ਬਾਅਦ ਆਪਣਾ ਖੁਦ ਦਾ ਕਾਰੋਬਾਰ ਸ਼ੁਰੂ ਕਰਨ ਲਈ ਪ੍ਰੇਰਿਤ ਕੀਤਾ। ਉਨਾਂ ਕਿਹਾ ਕਿ ਜ਼ਿਲੇ ਤੋਂ ਬਾਹਰ ਚੰਗੀ ਇੰਡਸਟਰੀ ਵਿੱਚ ਨੌਕਰੀ ਲਈ ਵੀ ਅਪਲਾਈ ਕਰਨਾ ਚਾਹੀਦਾ ਹੈ, ਤਾਂ ਜੋ ਹਰੇਕ ਨੌਜਵਾਨ ਆਪਣੇ ਪੈਰਾਂ ’ਤੇ ਖੜਾ ਹੋ ਕੇ ਆਪਣੀ ਆਮਦਨ ਵਿੱਚ ਵਾਧਾ ਕਰ ਸਕੇ। ਉਨਾਂ ਕਿਹਾ ਕਿ ਜ਼ਿਲੇ ਦੇ ਨੌਜਵਾਨਾਂ ਨੂੰ ਪੀ.ਐਸ.ਡੀ.ਐਮ. ਯੋਜਨਾ ਤਹਿਤ ਵੱਧ ਤੋਂ ਵੱਧ ਕੋਰਸਾਂ ਵਿੱਚ ਦਾਖਲਾ ਲੈ ਕੇ ਸਿਖਲਾਈ ਪ੍ਰਾਪਤ ਕਰਨੀ ਚਾਹੀਦੀ ਹੈ। ਉਨਾਂ ਕਿਹਾ ਕਿ ਪੀ.ਐਸ.ਡੀ.ਐਮ. ਯੋਜਨਾ ਬਾਰੇ ਜ਼ਿਲਾ ਰੋਜ਼ਗਾਰ ਦਫ਼ਤਰ ਮਾਨਸਾ ਦੇ ਸਟਾਫ਼ ਨਾਲ ਰਾਬਤਾ ਕੀਤਾ ਜਾ ਸਕਦਾ ਹੈ।
ਇਸ ਮੌਕੇ ਬਲਾਕ ਮਿਸ਼ਨ ਮੈਨੇਜਰ ਮਨੋਜ ਕੁਮਾਰ ਨੇ ਦੱਸਿਆ ਕਿ ਪੀ.ਐਸ.ਡੀ.ਐਮ. ਵੱਲੋਂ ਪੇਂਡੂ ਨੌਜਵਾਨਾ ਲਈ – (ਦੀਨ ਦਿਆਲ ਉਪਾਧਿਆ ਗ੍ਰਾਮਿਣ ਕੋਸ਼ਲ ਯੋਜਨਾ) ਅਤੇ ਸ਼ਹਿਰੀ ਨੌਜਵਾਨਾ ਲਈ (ਨੈਸ਼ਨਲ ਅਰਬਨ ਲਾਇਵਲੀਹੁਡ ਮਿਸ਼ਨ) ਸਕੀਮਾਂ ਅਧੀਨ ਜ਼ਿਲੇ ਦੇ ਵੱਖ-ਵੱਖ 6 ਸਕਿੱਲ਼ ਸੈਂਟਰਾਂ ਵਿਖੇ ਟਰੇਨਿੰਗ ਚਲਾਈ ਜਾ ਰਹੀ ਹੈ। ਉਨਾਂ ਦੱਸਿਆ ਕਿ ਇਹਨਾਂ ਸਕੀਮਾਂ ਰਾਹੀਂ ਸਿਖਲਾਈ ਪ੍ਰਾਪਤ ਕਰ ਰਹੇ ਸਿੱਖਿਆਰਥੀਆਂ ਨੂੰ ਮੁਫਤ ਵਿੱਚ ਵਰਦੀ, ਬੈਗ ਅਤੇ ਕਿਤਾਬਾਂ ਦਿੱਤੀਆਂ ਜਾਦੀਆਂ ਹਨ। ਇਸ ਮੌਕੇ ਹਰਜਿੰਦਰ ਸਿੰਘ ਬੀ.ਟੀ.ਐਮ., ਮਾਸਟਰ ਵਨੀਤ ਬੀ.ਟੀ.ਐਮ. ਅਤੇ ਦੋਵੇਂ ਸਕਿੱਲ਼ ਸੈਂਟਰਾਂ ਦਾ ਸਟਾਫ ਹਾਜ਼ਰ ਸੀ।

