ਬੀ.ਡੀ.ਪੀ.ਓ. ਦਫ਼ਤਰ ਭੀਖੀ ਵਿਖੇ ਹੁਣ ਤੱਕ ਲਗਾਏ 5 ਜਨ ਸੁਣਵਾਈ ਕੈਂਪਾਂ ਦਾ ਲੋਕਾਂ ਨੇ ਲਿਆ ਵਧ ਚੜ੍ਹ ਕੇ ਲਾਹਾ
ਸੰਜੀਵ ਜਿੰਦਲ
ਮਾਨਸਾ, 12 ਅਪ੍ਰੈਲ 2023 :ਪੰਜਾਬ ਸਰਕਾਰ ਵੱਲੋਂ ਲੋਕ ਹਿਤ ਵਿਚ ਲਏ ਫੈਸਲਿਆਂ ਦੀ ਲੜੀ ਵਿਚ ਆਮ ਲੋਕਾਂ ਦੀਆਂ ਸਮੱਸਿਆਵਾਂ ਅਤੇ ਉਨ੍ਹਾਂ ਦੇ ਸਰਕਾਰੀ ਵਿਭਾਗਾਂ ਨਾਲ ਸਬੰਧਤ ਕੰਮਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਜਾ ਕੇ ਹੱਲ ਕਰਨ ਨੂੰ ਤਰਜੀਹ ਦਿੱਤੀ ਗਈ ਹੈ। ਇਸ ਤਹਿਤ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਦੀ ਅਗਵਾਈ ਵਿਚ ਪਿੰਡ ਪੱਧਰ ’ਤੇ ‘ਜਨ ਸੁਣਵਾਈ ਕੈਂਪਾਂ’ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਨ੍ਹਾਂ ਗੱਲਾ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਉਪਕਾਰ ਸਿੰਘ ਨੇ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਭੀਖੀ ਵਿਖੇ ਆਯੋਜਿਤ ‘ਜਨ ਸੁਣਵਾਈ ਕੈਂਪ’ ਦੌਰਾਨ ਲੋਕਾਂ ਦੀਆਂ ਸਮੱਸਿਆਵਾਂ ਸੁਣਨ ਮੌਕੇ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਿੰਡ ਪੱਧਰ ’ਤੇ ਇਹ ਕੈਂਪ ਆਯੋਜਿਤ ਕੀਤੇ ਜਾ ਰਹੇ ਹਨ। ਆਮ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨਜ਼ਦੀਕ ਸੇਵਾਵਾਂ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਖੱਜਲ ਖੁਆਰੀ ਤੋਂ ਬਚਾਉਣ ਲਈ ਇਹ ਕੈਂਪ ਸਹਾਈ ਸਿੱਧ ਹੋ ਰਹੇ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਇਨ੍ਹਾਂ ਜਨ ਸੁਣਵਾਈ ਕੈਂਪਾ ਦਾ ਵੱਧ ਤੋਂ ਵੱਧ ਲਾਹਾ ਲੈ ਕੇ ਆਪਣੀਆਂ ਸਮੱਸਿਆਵਾਂ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਉਣ ਤਾਂ ਜੋ ਉਨ੍ਹਾਂ ਦਾ ਮੌਕੇ ’ਤੇ ਹੀ ਨਿਪਟਾਰਾ ਕੀਤਾ ਜਾ ਸਕੇ।
ਉਨ੍ਹਾਂ ਦੱਸਿਆ ਕਿ ਲੋਕ ਸੁਣਵਾਈ ਅਤੇ ਵਿਕਾਸ ਕੰਮਾਂ ਦੀ ਸਮੀਖਿਆ ਲਈ ਬੀਡੀਪੀਓ ਦਫ਼ਤਰ ਭੀਖੀ ਵਿਖੇ ਪਹਿਲਾ ਕੈਂਪ 19 ਦਸੰਬਰ, 2022 ਨੂੰ ਲਗਾਇਆ ਗਿਆ ਸੀ, ਦੂਜਾ ਕੈਂਪ 04 ਜਨਵਰੀ, 2023 ਨੂੰ, ਤੀਜਾ ਕੈਂਪ 27 ਜਨਵਰੀ, ਚੌਥਾ ਕੈਂਪ 07 ਫਰਵਰੀ ਨੂੰ ਅਤੇ ਪੰਜਵਾਂ ਕੈਂਪ 12 ਅਪ੍ਰੈਲ ਨੂੰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਕੈਂਪਾਂ ਦਾ ਲੋਕ ਵਧ ਚੜ੍ਹ ਕੇ ਲਾਹਾ ਲੈ ਰਹੇ ਹਨ।
ਉਨ੍ਹਾਂ ਦੱਸਿਆ ਕਿ ਜਨ ਸੁਣਵਾਈ ਕੈਂਪ ਦੌਰਾਨ ਬਾਰਸ਼ ਕਾਰਨ ਡਿੱਗੇ ਮਕਾਨ, ਸ਼ਹਿਰ ਦੀ ਸਾਫ ਸਫਾਈ, ਸੀਵਰੇਜ਼ ਦੀ ਸਮੱਸਿਆ ਅਤੇ ਵਾਟਰ ਸਪਲਾਈ ਦੇ ਪਾਣੀ ਦੀ ਸੁਵਿਧਾ ਤੋਂ ਇਲਾਵਾ ਹੋਰ ਸਰਕਾਰੀ ਸੇਵਾਵਾਂ ਨਾਲ ਸਬੰਧਤ ਵੱਖ ਵੱਖ ਦਰਖ਼ਾਸਤਾਂ ਪ੍ਰਾਪਤ ਹੋਈਆਂ ਜਿੰਨ੍ਹਾਂ ਦਾ ਯੋਗ ਨਿਪਟਾਰਾ ਕਰਨ ਲਈ ਹਾਜ਼ਰ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਇਲਾਵਾ ਜਿੰਨ੍ਹਾਂ ਦਰਖ਼ਾਸਤਾਂ ਦਾ ਮੌਕੇ ’ਤੇ ਹੀ ਨਿਪਟਾਰਾ ਸੰਭਵ ਸੀ ਉਨ੍ਹਾਂ ਦਾ ਹੱਲ ਕੀਤਾ ਗਿਆ।ਇਸ ਮੌਕੇ ਕਾਰਜਸਾਧਕ ਅਫ਼ਸਰ ਅਸ਼ੀਸ਼ ਕੁਮਾਰ, ਬੀ.ਡੀ.ਪੀ.ਓ. ਤਜਿੰਦਰ ਸਿੰਘ, ਨਾਇਬ ਤਹਿਸੀਲਦਾਰ ਮਨਮੋਹਨ ਸਿੰਘ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ।

