ਸੰਜੀਵ ਜਿੰਦਲ
ਮਾਨਸਾ, 6 ਅਪ੍ਰੈਲ 2023 : ਜਿਲ੍ਹਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਮਾਨਸਾ ਸ਼੍ਰੀਮਤੀ ਬਲਦੀਪ ਕੌਰ ਨੇ ਧਾਰਾ 144 ਜਾਬਤਾ ਫੌਜ਼ਦਾਰੀ ਸੰਘਤਾ 1973 ਦੇ ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦਿਆਂ ਜ਼ਿਲਾ ਮਾਨਸਾ ਅੰਦਰ ਕਣਕ ਕੱਟਣ ਉਪਰੰਤ ਉਸ ਦੀ ਨਾੜ ਨੂੰ ਅੱਗ ਲਗਾਉਣ ’ਤੇ ਪੂਰੀ ਤਰਾਂ ਪਾਬੰਦੀ ਲਗਾਈ ਹੈ।
ਹੁਕਮ ਵਿੱਚ ਜ਼ਿਲਾ ਮੈਜਿਸਟ੍ਰੇਟ ਨੇ ਕਿਹਾ ਕਿ ਆਮ ਤੌਰ ’ਤੇ ਵੇਖਣ ਵਿੱਚ ਆਇਆ ਹੈ ਕਿ ਕਣਕ ਕੱਟਣ ਉਪਰੰਤ ਨਾੜ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਿਸ ਨਾਲ ਨੁਕਸਾਨ ਹੋਣ ਦੀ ਸੰਭਾਵਨਾ ਬਣੀ ਰਹਿੰਦੀ ਹੈ। ਹਵਾ ਵਿੱਚ ਧੂੰਏ ਨਾਲ ਬਹੁਤ ਪ੍ਰਦੂਸ਼ਣ ਫੈਲਦਾ ਹੈ, ਜਿਸ ਨਾਲ ਸਾਹ ਦੀਆਂ ਬਿਮਾਰੀਆਂ ਹੋ ਸਕਦੀਆਂ ਹਨ। ਉਨਾਂ ਕਿਹਾ ਕਿ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਜ਼ਮੀਨ ਦੀ ਉਪਰਲੀ ਸਤਾ ਅੱਗ ਨਾਲ ਜਲਣ ਕਾਰਨ ਇਸ ਵਿੱਚ ਮੌਜੂਦ ਕਈ ਲਾਭਦਾਇਕ ਜੀਵਾਣੂ ਮਰ ਜਾਂਦੇ ਹਨ, ਜਿਸ ਨਾਲ ਖੇਤ ਦੀ ਉਪਜਾਊ ਸ਼ਕਤੀ ਨਸ਼ਟ ਹੁੰਦੀ ਹੈ।
ਉਨਾਂ ਕਿਹਾ ਕਿ ਇਸ ਨਾਲ ਆਲੇ-ਦੁਆਲੇ ਖੜੀਆਂ ਫਸਲਾਂ ਤੋਂ ਇਲਾਵਾ ਪਿੰਡ ਦੀ ਆਬਾਦੀ ਦੇਹ ਵਿੱਚ ਵੀ ਅੱਗ ਫੈਲਣ ਦਾ ਡਰ ਬਣਿਆ ਰਹਿੰਦਾ ਹੈ, ਜਿਸ ਨਾਲ ਵੱਡੇ ਹਾਦਸੇ ਵੀ ਵਾਪਰ ਸਕਦੇ ਹਨ। ਸੜਕਾਂ ਦੁਆਲੇ ਮੌਜੂਦ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਨਾਲ ਆਵਾਜਾਈ ਵਿੱਚ ਵਿਘਨ ਪੈਂਦਾ ਹੈ ਅਤੇ ਕਈ ਹਾਦਸੇ ਹੋ ਜਾਂਦੇ ਹਨ। ਉਨਾਂ ਦੱਸਿਆ ਕਿ ਇਸ ਨਾਲ ਪਿੰਡਾਂ ਵਿੱਚ ਲੜਾਈ ਝਗੜਾ ਹੋਣ ਦਾ ਵੀ ਡਰ ਰਹਿੰਦਾ ਹੈ, ਜਿਸ ਨਾਲ ਸਿੱਧਾ ਨੁਕਸਾਨ ਕਿਸਾਨਾਂ ਨੂੰ ਵੀ ਹੁੰਦਾ ਹੈ ਅਤੇ ਅਸਿੱਧੇ ਤੌਰ ’ਤੇ ਅਸਰ ਦੇਸ਼ ਦੇ ਉਤਪਾਦਨ ’ਤੇ ਪੈਂਦਾ ਹੈ। ਇਹ ਹੁਕਮ 31 ਮਈ 2023 ਤੱਕ ਲਾਗੂ ਰਹੇਗਾ।

