ਦਾਖਲਾ ਮੁਹਿੰਮ ਦੌਰਾਨ ਵਧੀਆ ਕਾਰਗੁਜ਼ਾਰੀ ਵਿਖਾਉਣ ਵਾਲੇਸਕੂਲ ਮੁਖੀਆਂ ਦੀ ਸ਼ਲਾਘਾ
ਬਲਾਕ ਸਰਦੂਲਗੜ੍ਹ ਦੇ ਪ੍ਰਾਇਮਰੀ ਸਕੂਲ ਦੇ ਮੁਖੀਆਂ ਨਾਲ ਦਾਖਲੇ ਸੰਬੰਧੀ ਕੀਤੀ ਮੀਟਿੰਗ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 9 ਮਾਰਚ 2023 : ਪ੍ਰਾਇਮਰੀ ਸਕੂਲਾਂ ਵਿਚ ਆਪਣੇ ਬੱਚਿਆਂ ਦੇ ਨਵੇਂ ਦਾਖਲਿਆਂ ਲਈ ਮਾਪੇ ਉਤਸ਼ਾਹ ਵਿਖਾ ਰਹੇ ਹਨ। ਦਾਖਲਾ ਮੁਹਿੰਮ ਦੇ ਪਹਿਲੇ ਗੇੜ ਵਿਚ ਪ੍ਰੀ- ਪ੍ਰਾਇਮਰੀ ਤੋਂ ਪੰਜਵੀਂ ਤੱਕ 5136 ਦਾਖਲੇ ਹੋ ਚੁੱਕੇ ਹਨ। ਇਹ ਜਾਣਕਾਰੀ ਜ਼ਿਲ੍ਹਾ ਦਾਖਲਾ ਕਮੇਟੀ ਮਾਨਸਾ ਦੇ ਚੇਅਰਪਰਸਨ ਕਮ-ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਭੁਪਿੰਦਰ ਕੌਰ ਨੇ ਬਲਾਕ ਪ੍ਰਾਇਮਰੀ ਸਿੱਖਿਆ ਦਫ਼ਤਰ ਸਰਦੂਲਗੜ੍ਹ ਵਿਖੇ ਨਵੇਂ ਸੈਸ਼ਨ ਦੇ ਦਾਖਲਿਆਂ ਦੀ ਪ੍ਰਗਤੀ ਰਿਪੋਰਟ ਸਬੰਧੀ ਬਲਾਕ ਨਾਲ ਸਬੰਧਿਤ ਸਮੂਹ ਸਕੂਲ ਮੁਖੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ।
ਉਨ੍ਹਾਂ ਦੱਸਿਆ ਕਿ ਬਲਾਕ ਮਾਨਸਾ ’ਚ 1176, ਸਰਦੂਲਗੜ੍ਹ ’ਚ 1090, ਝੁਨੀਰ ’ਚ 883, ਬੁਢਲਾਡਾ ਵਿੱਚ 1100 ਅਤੇ ਬਲਾਕ ਬਰੇਟਾ ਦੇ ਪ੍ਰਾਇਮਰੀ ਸਕੂਲਾਂ ਵਿੱਚ 887 ਦਾਖਲੇ ਹੋ ਚੁੱਕੇ ਹਨ। ਇਸ ਮੌਕੇ ਕਲੱਸਟਰ ਪੱਧਰ ਦੇ ਦਾਖਲਿਆਂ ਦੀ ਰਿਪੋਰਟ ਉਪਰ ਵਿਚਾਰ ਚਰਚਾ ਕੀਤੀ ਗਈ ਅਤੇ ਦਾਖਲਿਆਂ ਸੰਬੰਧੀ ਆ ਰਹੀਆਂ ਸਮੱਸਿਆਵਾਂ ਦਾ ਮੌਕੇ ’ਤੇ ਨਿਪਟਾਰਾ ਕੀਤਾ ਗਿਆ। ਮੈਡਮ ਭੁਪਿੰਦਰ ਕੌਰ ਵੱਲੋਂ ਦਾਖਲੇ ਵਧਾਉਣ ਲਈ ਸਕੂਲ ਮੁਖੀਆਂ ਨੂੰ ਪ੍ਰੇਰਿਤ ਕੀਤਾ ਗਿਆ। ਇਸ ਤੋਂ ਇਲਾਵਾ ਉਨ੍ਹਾਂ ਦਾਖਲਾ ਮੁਹਿੰਮ ਦੌਰਾਨ ਵਧੀਆ ਕਾਰਗੁਜਾਰੀ ਵਿਖਾਉਣ ਵਾਲੇ ਸਕੂਲ ਮੁਖੀਆਂ ਦੀ ਪ੍ਰਸ਼ੰਸਾ ਕੀਤੀ ਅਤੇ ਘੱਟ ਦਾਖਲਿਆਂ ਵਾਲੇ ਸਕੂਲ ਮੁਖੀਆਂ ਨੂੰ ਹੋਰ ਦਾਖਲੇ ਕਰਨ ਲਈ ਕਿਹਾ।
ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਸਰਦੂਲਗੜ੍ਹ ਲਖਵਿੰਦਰ ਸਿੰਘ ਨੇ ਵਿਸ਼ਵਾਸ ਦਿਵਾਉਂਦਿਆਂ ਕਿਹਾ ਕਿ ਦਾਖਲਿਆਂ ਦਾ ਨਿਰਧਾਰਿਤ ਅੰਕੜਾ ਜਲਦੀ ਪੂਰਾ ਕਰ ਲਿਆ ਜਾਵੇਗਾ ਅਤੇ ਬਲਾਕ ਨੂੰ ਦਾਖਲਾ ਮੁਹਿੰਮ ਵਿੱਚ ਮੋਹਰੀ ਬਣਾਉਣ ਲਈ ਹਰ ਸੰਭਵ ਯਤਨ ਕੀਤੇ ਜਾਣਗੇ। ਮੀਟਿੰਗ ਦੌਰਾਨ ਬਲਾਕ ਸਰਦੂਲਗੜ੍ਹ ਦੀ ਪੜ੍ਹੋ ਪੰਜਾਬ ਟੀਮ, ਸਮੂਹ ਸੈਂਟਰ ਹੈੱਡ ਅਧਿਆਪਕ ਅਤੇ ਸਕੂਲ ਮੁਖੀ ਮੌਜੂਦ ਸਨ।

