ਘਰੇਲੂ ਬਗੀਚੀ ਲਗਾ ਕੇ ਸ਼ੁੱਧ ਸਬਜ਼ੀਆਂ ਦੀ ਵਰਤੋਂ ਕਰਨੀਚਾਹੀਦੀ ਹੈ-ਡਿਪਟੀ ਕਮਿਸ਼ਨਰ
ਬਾਗ਼ਬਾਨੀ ਦਫ਼ਤਰ ਮਾਨਸਾ ਵਿਖੇ ਗਰਮ ਰੁੱਤ ਸਬਜ਼ੀਆਂ ਦੀਆਂ 800 ਬੀਜ ਕਿੱਟਾਂ ਉਪਲਬਧ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 6 ਮਾਰਚ 2023 : ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਬਾਗਬਾਨੀ ਵਿਭਾਗ ਦੁਆਰਾ ਘਰੇਲੂ ਬਗੀਚੀ ਨੂੰ ਉਤਸ਼ਾਹਿਤ ਕਰਨ ਲਈ ਤਿਆਰ ਕੀਤੀਆਂ ਗਈਆਂ ਗਰਮ ਰੁੱਤ ਸਬਜ਼ੀਆਂ ਦੀ ਬੀਜ ਕਿੱਟ ਜਾਰੀ ਕੀਤੀ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਬਜ਼ੀਆਂ ਦੀ ਮਨੁੱਖੀ ਜੀਵਨ ਵਿੱਚ ਕਾਫੀ ਮਹੱਤਤਾ ਹੈ। ਇਨ੍ਹਾਂ ਤੋਂ ਬਿਨਾਂ ਕੋਈ ਵੀ ਭੋਜਨ ਸੰਤੁਲਿਤ ਅਤੇ ਸੰਪੂਰਨ ਨਹੀਂ ਹੁੰਦਾ ਕਿਉਂਕਿ ਇੰਨ੍ਹਾਂ ਤੋਂ ਸਾਨੂੰ ਅਜਿਹੇ ਖੁਰਾਕੀ ਤੱਤ ਮਿਲਦੇ ਹਨ ਜੋ ਕਿ ਦੂਸਰੇ ਅਨਾਜਾਂ ਵਿਚ ਨਹੀਂ ਪਾਏ ਜਾਂਦੇ। ਉਨ੍ਹਾਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਘਰੇਲੂ ਬਗੀਚੀ ਲਗਾ ਕੇ ਆਪਣੇ ਪਰਿਵਾਰ ਲਈ ਸ਼ੁੱਧ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਸਹਾਇਕ ਡਾਇਰੈਕਟਰ ਬਾਗਬਾਨੀ, ਬਲਬੀਰ ਸਿੰਘ ਨੇ ਦੱਸਿਆ ਕਿ ਇਹ ਸਬਜੀ ਬੀਜ ਕਿੱਟ 8 ਜੀਆਂ ਦੇ ਪਰਿਵਾਰ ਦੀ 6 ਮਹੀਨਿਆਂ ਲਈ ਸਬਜੀ ਦੀ ਲੋੜ ਪੂਰਾ ਕਰੇਗੀ। ਉਨ੍ਹਾਂ ਦੱਸਿਆ ਕਿ ਇਸ ਕਿੱਟ ਅੰਦਰ ਘੀਆ ਕੱਦੂ (ਪੰਜਾਬ ਕੋਮਲ ਤੇ ਪੰਜਾਬ ਬਰਕਤ), ਚੱਪਣ ਕੱਦੂ, ਹਲਵਾ ਕੱਦੂ, ਘੀਆ ਤੋਰੀ, ਟੀਡਾ, ਕਰੇਲਾ, ਭਿੰਡੀ, ਕਾਉਪੀਜ, ਤਰ ਅਤੇ ਖੀਰਾ ਦੇ ਬੀਜ ਮੋਜੂਦ ਹਨ।
ਉਨ੍ਹਾਂ ਦੱਸਿਆ ਕਿ ਵਿਭਾਗ ਵੱਲੋਂ ਜ਼ਿਲ੍ਹਾ ਮਾਨਸਾ ਨੂੰ 800 ਬੀਜ ਕਿੱਟਾਂ ਜਾਰੀ ਕੀਤੀਆਂ ਗਈਆਂ ਹਨ। ਇਸ ਕਿੱਟ ਦੀ ਕੀਮਤ ਸਿਰਫ 80 ਰੁਪਏ ਹੈ, ਜੋ ਕਿ ਦਫਤਰੀ ਕੰਮ-ਕਾਜ ਵਾਲੇ ਦਿਨ ਦਫ਼ਤਰ ਸਹਾਇਕ ਡਾਇਰੈਕਟਰ ਬਾਗਬਾਨੀ, ਮਾਨਸਾ, ਬਾਗਬਾਨੀ ਵਿਕਾਸ ਅਫ਼ਸਰ, ਸਰਦੂਲਗੜ੍ਹ ਅਤੇ ਬੁਢਲਾਡਾ ਦੇ ਦਫ਼ਤਰ ਤੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ।
ਪਰਮੇਸ਼ਰ ਕੁਮਾਰ ਬਾਗਬਾਨੀ ਵਿਕਾਸ ਅਫ਼ਸਰ ਨੇ ਦੱਸਿਆ ਕਿ ਸਾਡੇ ਕੋਲ ਸਾਰੇ ਸੋਮੇ ਮੌਜੂਦ ਹੋਣ ਦੇ ਬਾਵਜੂਦ ਵੀ ਸੰਤੁਲਿਤ ਖੁਰਾਕ ਆਪ ਪੈਦਾ ਕਰਨ ਦੀ ਘਾਟ ਪਾਈ ਜਾਂਦੀ ਹੈ, ਜਿਸ ਦੀ ਪੂਰਤੀ ਆਪਣੀ ਘਰੇਲੂ ਬਗੀਚੀ ਵਿਚ ਕੀਤੀ ਜਾ ਸਕਦੀ ਹੈ। ਸਾਰਾ ਸਾਲ ਘਰਾਂ ਵਿਚ ਰੋਜ਼ਾਨਾ ਖਪਤ ਲਈ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਨੂੰ ਘਰਾਂ, ਟਿਊਬਵੈਲਾਂ ’ਤੇ ਸੁਚੱਜੇ ਢੰਗ ਨਾਲ ਪੈਦਾ ਕਰਨ ਨੂੰ ਹੀ ਘਰੇਲੂ ਬਗੀਚੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਘਰੇਲੂ ਬਗੀਚੀ ਵਿਚ ਤਿਆਰ ਕੀਤੀ ਉਪਜ ਨਾ ਸਿਰਫ ਤਾਜ਼ੀ ਹੋਵੇਗੀ, ਸਗੋਂ ਹਾਨੀਕਾਰਕ ਕੀੜੇਮਾਰ ਦਵਾਈਆਂ ਤੋਂ ਮੁਕਤ ਹੋਵੇਗੀ ਅਤੇ ਪੈਦਾ ਕਰਨ ਵਾਲੇ ਦਾ ਅੰਦਾਜਨ ਸਲਾਨਾ 5000 ਰੂਪੈ ਪ੍ਰਤੀ ਪਰਿਵਾਰ ਖਰਚਾ ਵੀ ਬਚੇਗਾ। ਹਰ ਵਿਅਕਤੀ ਨੂੰ ਪ੍ਰਤੀ ਦਿਨ 300 ਗਰਾਮ ਸਬਜ਼ੀਆਂ ਦੀ ਵਰਤੋਂ ਕਰਨੀ ਚਾਹੀਦੀ ਹੈ, ਜੋ ਸਾਡੇ ਰੋਜ਼ਾਨਾ ਦੇ ਲੋੜੀਂਦੇ ਤੱਤਾਂ ਦੀ ਪੂਰਤੀ ਕਰਦੀ ਹੈ।
ਉਨ੍ਹਾਂ ਕਿਹਾ ਕਿ ਸਬਜੀਆਂ ਵਿਟਾਮਿਨ ਏ ਅਤੇ ਸੀ ਦਾ ਸਭ ਤੋਂ ਉੱਤਮ ਕੁਦਰਤੀ ਸੋਮਾ ਹਨ ਅਤੇ ਵਿਟਾਮਿਨ ਬੀ ਅਤੇ ਬੀ-2 ਵੀ ਸਬਜ਼ੀਆਂ ਵਿਚ ਕਾਫੀ ਮਾਤਰਾ ਵਿਚ ਮਿਲਦੇ ਹਨ। ਇੰਨ੍ਹਾਂ ਵਿਚ ਖਣਿਜ ਪਦਾਰਥ ਜਿਵੇਂ ਕਿ ਕੈਲਸ਼ੀਅਮ, ਲੋਹਾ ਅਤੇ ਫਾਸਫੋਰਸ ਕਾਫੀ ਮਾਤਰਾ ਵਿਚ ਹੁੰਦਾ ਹੈ। ਇੰਨ੍ਹਾਂ ਖਣਿਜਾਂ ਦੀ ਸਾਡੇ ਸਰੀਰਕ ਵਿਕਾਸ ਵਿਚ ਬਹੁਤ ਲੋੜ ਹੁੰਦੀ ਹੈ ਅਤੇ ਸਾਡੇ ਖੁਰਾਕ ਵਿਚ ਇੰਨ੍ਹਾਂ ਦੀ ਅਕਸਰ ਘਾਟ ਹੀ ਪਾਈ ਜਾਂਦੀ ਹੈ। ਸਬਜੀਆਂ ਦੇ ਸੇਵਨ ਤੋਂ ਸਾਨੂੰ ਪ੍ਰੋਟੀਨ, ਕਾਰਬੋਹਾਈਡਰੇਟਸ ਅਤੇ ਸੈਲੂਲੋਜ ਵੀ ਮਿਲਦੇ ਹਨ ਜਿੰਨ੍ਹਾਂ ਦੀ ਵਰਤੋਂ ਨਾਲ ਸਾਡੀ ਪਾਚਨ ਸ਼ਕਤੀ ਵੱਧਦੀ ਹੈ। ਇਨ੍ਹਾਂ ਵਿਚ ਐਂਟੀਆਕਸੀਡੈਂਟਸ, ਫਾਈਟੋਕੈਮੀਕਲਜ ਅਤੇ ਕਈ ਹੋਰ ਕੀਮਤੀ ਪਦਾਰਥ ਵੀ ਪਾਏ ਜਾਂਦੇ ਹਨ ਜੋ ਕਿ ਸਾਨੂੰ ਨਿਰੋਗ ਰੱਖਣ ਵਿਚ ਮਦਦ ਕਰਦੇ ਹਨ।

