1995 ਤੋਂ ਪਹਿਲਾਂ ਦੇ 500 ਵਰਗ ਮੀਟਰ ਦੇ ਪਲਾਟ ਨੂੰ ਟੁਕੜੀ ਕਰਕੇ ਵੇਚਣ ਤੇ ਕੋਈ NOC ਦੀ ਜ਼ਰੂਰਤ ਨਹੀਂ
ਸਬੰਧਤ ਤਹਿਸੀਲਦਾਰਾਂ ਅਤੇ ਕਾਰਜ ਸਾਧਕ ਅਫਸਰਾਂ ਨੂੰ ਬੁਲਾ ਕੇ ਲੋੜੀਂਦੀਆਂ ਹਦਾਇਤਾਂ ਬਾਰੇ ਜਾਣੂੰ ਕਰਵਾ ਦਿੱਤਾ ਜਾਵੇਗਾ : ਏ ਡੀ ਸੀ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 25 ਫਰਵਰੀ 2023 : ਪ੍ਰੋਪਰਟੀ ਡੀਲਰਜ਼ ਐਸੋਸੀਏਸ਼ਨ ਦੇ ਪ੍ਰਧਾਨ ਬਲਜੀਤ ਸ਼ਰਮਾ ਦਾ ਵਫਦ ਜਿਸ ਵਿੱਚ ਭੀਸ਼ਨ ਸ਼ਰਮਾ ਤੇ ਆਮ ਆਦਮੀ ਅਤੇ ਜਿਲ੍ਹਾ ਦਫਤਰ ਵਲੋਂ ਈਸ਼ਵਰ ਦਾਸ ਐਡਵੋਕੇਟ ਸ਼ਾਮਲ ਸਨ, ਏ ਡੀ ਸੀ ਅਰਬਨ ਸ੍ਰੀ ਟੀ. ਬੈਨਿਥ ਨੂੰ ਮਿਲਿਆ। ਉਨ੍ਹਾਂ ਦੇ ਧਿਆਨ ਵਿੱਚ ਪੰਜਾਬ ਸ਼ਹਿਰੀ ਯੋਜਨਾਬੰਦੀ ਅਤੇ ਵਿਕਾਸ ਅਥਾਰਟੀ ਪੰਜਾਬ ਵਲੋਂ ਜਾਰੀ ਕੀਤੇ ਪੱਤਰ ਨੰਬਰ ਪੂਡਾ/ਸੀ.ਟੀ.ਪੀ/2022/1781-1851 ਮਿਤੀ 14.11.2022 ਦੀ ਕਾਪੀ ਵੱਲ ਧਿਆਨ ਦਵਾਇਆ। ਇਸ ਪੱਤਰ ਕ੍ਰਮ ਅੰਕ ਨੰ. 3 ਉੱਤੇ ਜਾਰੀ ਕੀਤੀਆਂ ਹਦਾਇਤਾਂ ਬਾਰੇ ਦੱਸਿਆ ਜਿਸ ਵਿੱਚ ਲਿਖਿਆ ਹੈ ਕਿ ਜੇ ਪਲਾਟ ਦੀ ਪਹਿਲੀ ਰਜਿਸਟਰੀ 9 ਅਗਸਤ 1995 ਤੋਂ ਪਹਿਲਾਂ ਦੀ ਹੋਵੇ ਅਤੇ ਪਲਾਟ ਦਾ ਸਾਇਜ 500 ਵਰਗ ਮੀਟਰ ਤੋਂ ਘੱਟ ਹੋਵੇ ਤਾਂ ਉਸ ਪਲਾਟ ਦੇ ਟੋਟੇ ਕਰਕੇ ਵੇਚਣ ਤੇ ਕੋਈ ਐਨ. ਓ. ਸੀ ਦੀ ਲੋੜ ਨਹੀਂ ਪ੍ਰੰਤੂ ਜੇ ਪਲਾਟ ਜੇ ਸਾਈਜ਼ 500 ਵਰਗ ਮੀਟਰ ਤੋਂ ਵੱਧ ਹੋਵੇ ਅਤੇ ਪਲਾਟ ਹੋਲਡਰ ਨੇ ਸਾਰੇ ਪਲਾਟ ਦੀ ਐਨ. ਓ. ਸੀ ਲੈ ਰੱਖੀ ਹੋਵੇ ਤਾਂ ਉਸ ਕੇਸ ਵਿੱਚ ਪਲਾਟ ਦੇ ਟੋਟੇ ਹੋ ਸਕਦੇ ਹਨ ਅਤੇ ਕੋਈ ਵੀ ਪਲਾਟ ਦਾ ਰਕਬਾ 100 ਵਰਗ ਮੀਟਰ ਘੱਟ ਨਹੀਂ ਹੋਣਾ ਚਾਹੀਦਾ ਅਤੇ ਇਨ੍ਹਾਂ ਟੁਕੜੇ ਕੀਤੇ ਪਲਾਟਾਂ ਨੂੰ ਵੇਚਣ ਲਈ ਐਨ.ਓ. ਸੀ ਦੀ ਜ਼ਰੂਰਤ ਹੈ ਪ੍ਰੰਤੂ ਸਰਕਾਰ ਵਲੋਂ ਉਸਤੇ ਕੋਈ ਫੀਸ ਨਹੀਂ ਲਈ ਜਾਵੇਗੀ।
ਇਸੇ ਹੀ ਪੱਤਰ ਦੇ ਕ੍ਰਮ ਅੰਕ ਨੰ. 6 ਵਿੱਚ ਦਰਜ ਪਾਲਿਸੀ ਦੀ ਧਾਰਾ 17.3 ਵੱਲ ਵੀ ਧਿਆਨ ਦਵਾਇਆ ਕਿ ਜੋ ਕਲੋਨੀ 19.3.2018 ਤੋਂ ਪਹਿਲਾਂ ਦੀ ਡਿਵੈਲਪ ਕੀਤੀ ਹੋਈ ਹੈ ਅਗਰ ਉਸ ਕਲੋਨੀ ਵਿਚਲੇ ਪਲਾਟ ਦੇ ਮਾਲਕ ਨੇ ਪਲਾਟ ਰੈਗੂਲਰ ਕਰਵਾਉਣ ਲਈ ਐਨ. ਓ. ਸੀ ਜਾਰੀ ਕਰਵਾਉਣਾ ਹੈ ਤਾਂ ਉਸ ਨੂੰ ਮਨਾ ਨਹੀਂ ਕੀਤਾ ਜਾ ਸਕਦਾ ਬੇਸੱਕ ਉਹ ਕਲੋਨੀ ਅਣਅਧਿਕਾਰਿਤ ਹੋਵੇ, ਕਲੋਨੀ ਰੈਗੂਲਰ ਵਾਸਤੇ ਅਪਲਾਈ ਕੀਤਾ ਹੈ ਜਾਂ ਨਹੀਂ ਬੇਸੱਕ ਕਲੋਨੀ ਰੈਗੂਲਰ ਵਾਸਤੇ ਦਿੱਤੀ ਅਰਜੀ ਖਾਰਜ ਹੋ ਚੁੱਕੀ ਹੋਵੇ ਪ੍ਰੰਤੂ ਪਲਾਟ ਹੋਲਡਰ ਨੂੰ ਬਣਦੀ ਫੀਸ ਭਰਵਾ ਕੇ ਐਨ.ਓ.ਸੀ ਜਾਰੀ ਕਰ ਦਿੱਤਾ ਜਾਵੇਗਾ।
ਮਾਨਯੋਗ ਵਧੀਕ ਡਿਪਟੀ ਕਮਿਸ਼ਨਰ ਅਰਬਨ ਨੇ ਬੜੇ ਹੀ ਧਿਆਨ ਨਾਲ ਇਸ ਪੱਤਰ ਨੂੰ ਪੜ੍ਹ ਕੇ ਆਪਣੀ ਸਹਿਮਤੀ ਪ੍ਰਗਟ ਕੀਤੀ ਤੇ ਵਫਦ ਨੂੰ ਭਰੋਸਾ ਦਿੱਤਾ ਕਿ ਸਬੰਧਤ ਤਹਿਸੀਲਦਾਰਾਂ ਅਤੇ ਕਾਰਜ ਸਾਧਕ ਅਫਸਰਾਂ ਨੂੰ ਬੁਲਾ ਕੇ ਲੋੜੀਂਦੀਆਂ ਹਦਾਇਤਾਂ ਬਾਰੇ ਜਾਣੂੰ ਕਰਵਾ ਦਿੱਤਾ ਜਾਵੇਗਾ।

