ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਮੀਆਂਵਾਕੀ ਤਕਨੀਕ ਰਾਹੀਂ 20,000 ਪੌਦਿਆਂ ਦੇ ਜੰਗਲ ਲਗਾਏ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 22 ਫਰਵਰੀ 2023 : ਪੰਜਾਬ ਸਰਕਾਰ ਵੱਲੋਂ ਵਾਤਾਵਰਣ ਦੇ ਸੁਧਾਰ ਲਈ ਅਤੇ ਪਿੰਡਾਂ ਨੂੰ ਹਰਿਆ ਭਰਿਆ ਬਣਾਉਣ ਲਈ ਵਿਸ਼ੇਸ ਉਪਰਾਲੇ ਕੀਤੇ ਜਾ ਰਹੇ ਹਨ ਜੋ ਕਿ ਵਾਤਾਵਰਣ ਹਿਤ ਵਿਚ ਸ਼ਲਾਘਾਯੋਗ ਕਦਮ ਹੈ। ਪਿੰਡਾਂ ਵਿੱਚ ਜੰਗਲਾਂ ਦਾ ਨਿਰਮਾਣ ਵੀ ਮੀਆਂਵਾਕੀ ਤਕਨੀਕੀ ਰਾਹੀ ਕੀਤਾ ਜਾ ਰਿਹਾ ਹੈ, ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਹਲਕਾ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਪਿੰਡ ਕੁਲਰੀਆਂ ਵਿਖੇ ਲਗਾਏ ਗਏ ਜੰਗਲ ਦਾ ਉਦਘਾਟਨ ਕਰਨ ਮੌਕੇ ਕੀਤਾ।
ਉਨ੍ਹਾਂ ਦੱਸਿਆ ਕਿ 20,000 ਪੌਦੇ ਮੀਆਂਵਾਕੀ ਤਕਨੀਕ ਰਾਹੀ ਲਗਾਏ ਗਏ ਹਨ। 36 ਪ੍ਰਜਾਤੀਆਂ ਦੇ 10,000 ਪੌਦੇ ਪਿੰਡ ਧਲੇਵਾ ਵਿਖੇ ਸ਼ਾਮਲਾਟ ਜ਼ਮੀਨ ਵਿੱਚ ਅਤੇ 10,000 ਪੌਦੇ ਪਿੰਡ ਕੁਲਰੀਆਂ ਦੀ ਸ਼ਾਮਲਾਟ ਜ਼ਮੀਨ ਵਿੱਚ ਲਗਾਏ ਗਏ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜ਼ਿਲ੍ਹੇ ਨੂੰ ਹਰਿਆ ਭਰਿਆ ਬਣਾਉਣ ਲਈ ਸਹਿਯੋਗ ਦਿੱਤਾ ਜਾਵੇ ਅਤੇ ਵੱਧ ਤੋਂ ਵੱਧ ਪੌਦੇ ਲਗਾਉਣ ਲਈ ਉਪਰਾਲੇ ਕੀਤੇ ਜਾਣ ਤਾਂ ਜੋ ਵਾਤਾਵਰਣ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ਼੍ਰੀ ਟੀ.ਬੈਨਿਥ.ਆਈ.ਏ.ਐਸ. ਨੇ ਦੱਸਿਆ ਕਿ ਪਿੰਡ ਧਲੇਵਾ ਅਤੇ ਪਿੰਡ ਕੁਲਰੀਆਂ ਵਿਖੇ ਆਈ.ਸੀ.ਆਈ.ਸੀ.ਆਈ. ਫਾਊਡੇਸ਼ਨ ਦੇ ਸਹਿਯੋਗ ਨਾਲ ਈਕੋ ਸਿੱਖ ਸੰਸਥਾਂ ਵੱਲੋਂ ਮੀਆਂਵਾਕੀ ਤਕਨੀਕ ਰਾਹੀ ਗ੍ਰਾਮ ਪੰਚਾਇਤ ਦੀ ਸਾਮਲਾਟ ਜ਼ਮੀਨ ’ਤੇ ਜੰਗਲ ਲਗਾਏ ਗਏ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪੌਦਿਆਂ ਦੀ ਮੇਨਟੇਨੈਂਸ ਮਗਨਰੇਗਾ ਸਕੀਮ ਰਾਹੀਂ ਕੀਤੀ ਜਾਵੇਗੀ। ਇਸ ਨਾਲ ਜਿੱਥੇ ਮਗਨਰੇਗਾ ਜਾਬ ਕਾਰਡਧਾਰਕਾਂ ਨੂੰ ਲਗਾਤਾਰ ਕੰਮ ਮੁਹੱਈਆ ਕਰਵਾਇਆ ਜਾ ਸਕੇਗਾ ਉੱਥੇ ਹੀ ਵਾਤਾਵਰਣ ਸੁਧਾਰ ਵਿੱਚ ਵੀ ਮਦਦ ਮਿਲੇਗੀ।
ਉਨ੍ਹਾਂ ਦੱਸਿਆ ਕਿ ਵਿੱਤੀ ਸਾਲ 2023-24 ਵਿੱਚ ਲਗਭਗ 50 ਸਾਇਟਾਂ ਉਪਰ 80,000 ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ। ਇਹ ਪੌਦੇ ਮਗਨਰੇਗਾ ਸਕੀਮ ਅਧੀਨ ਵੱਖ-2 ਗ੍ਰਾਮ ਪੰਚਾਇਤਾਂ ਦੀਆਂ ਸਾਮਲਾਟ ਜ਼ਮੀਨਾਂ ਵਿੱਚ ਲਗਾਏ ਜਾਣਗੇ। ਉਨ੍ਹਾਂ ਸਮੂਹ ਸਰਪੰਚਾਂ ਨੂੰ ਅਪੀਲ ਕੀਤੀ ਕਿ ਵੱਧ ਤੋਂ ਵੱਧ ਰਕਬਾ ਪੌਦੇ ਲਗਾਕੇ ਜੰਗਲ ਹੇਠ ਲਿਆਇਆ ਜਾਵੇ।
ਇਸ ਮੌਕੇ ਸੁਖਵਿੰਦਰ ਸਿੰਘ, ਬੀਡੀਪੀਓ. ਬੁਢਲਾਡਾ, ਮਨਦੀਪ ਸਿੰਘ, ਜਿਲ੍ਹਾ ਨੋਡਲ ਅਫ਼ਸਰ ਮਗਨਰੇਗਾ, ਰਾਜਪਾਲ ਕੋਰ, ਏ.ਪੀ.ਓ. ਬੁਢਲਾਡਾ ਅਤੇ ਆਈ.ਸੀ.ਆਈ.ਸੀ.ਆਈ. ਫਾਊਡੇਸ਼ਨ ਦੇ ਨੁਮਾਇੰਦੇ ਵੀ ਹਾਜਰ ਸਨ।

