ਅੰਤਰਰਾਸ਼ਟਰੀ ਪੱਧਰ ਦੀਆਂ ਸਖਸ਼ੀਅਤਾਂ ਹੋਈਆਂ ਸ਼ਾਮਿਲ
ਧਾਰਮਿਕ ਇੱਕਜੁਟਤਾ ਨਾਲ ਮਾਂ ਬੋਲੀ ਪ੍ਰਤੀ ਲੋਕਾਂ ਨੂੰ ਜਾਗਰਿਤ ਕਰਨ ਦੀ ਸੁਨੇਹਾ ਦੇ ਗਿਆ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 21 ਫਰਵਰੀ 2023 : ਵਾਇਸ ਆਫ ਮਾਨਸਾ ਵਲੋਂ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਮੌਕੇ ਲੋਕਾਂ ਨੂੰ ਜਾਗਰਿਤ ਕਰਨ ਲਈ ਸ਼ਹਿਰ ਦੀ ਦਾਣਾ ਮੰਡੀ ਤੋਂ ਸ਼ੁਰੂ ਕਰਕੇ ਸਾਰੇ ਬਾਜ਼ਾਰ ਵਿਚੋਂ ਦੀ ਹੁੰਦੇ ਹੋਏ ਬੱਸ ਸਟੈਂਡ ਤੱਕ ਚੇਤਨਾ ਮਾਰਚ ਕੱਢਿਆ ਗਿਆ l
ਚੇਤਨਾ ਮਾਰਚ ਵੱਖ ਵੱਖ ਧਰਮਾਂ ਫਿਰਕਿਆਂ ਦੀ ਸ਼ਮੂਲੀਅਤ ਨਾਲ ਧਾਰਮਿਕ ਇਕਜੁੱਟਤਾ ਨਾਲ ਮਾਂ ਬੋਲੀ ਪ੍ਰਤੀ ਲੋਕਾਂ ਦੀ ਚੇਤਨਾ ਜਗਾਉਣ ਵਿਚ ਕਾਮਯਾਬ ਰਿਹਾ। ਕੈਲਗਿਰੀ ਕਨੇਡਾ ਤੋਂ ਪੰਜਾਬੀ ਅਖਬਾਰ ਦੇ ਸੰਪਾਦਕ ਹਰਬੰਸ ਸਿੰਘ ਬੁੱਟਰ, ਮੁਸਲਿਮ ਫਰੰਟ ਦੇ ਹੰਸਰਾਜ ਮੋਫਰ, ਸਨਾਤਨ ਧਰਮ ਸਭਾ ਦੇ ਪ੍ਰਧਾਨ, ਰਾਧੇ ਰਾਧੇ ਕੀਰਤਨ ਮੰਡਲੀ ਦੇ ਮੈਡਮ ਅਨਾਮਿਕਾ, ਐਸ ਡੀ ਕਾਲਜ ਮਾਨਸਾ ਦੀ ਪ੍ਰਿੰਸੀਪਲ ਮਧੂ ਸ਼ਰਮਾ, ਸੋਸ਼ਲਿਸਟ ਪਾਰਟੀ ਦੇ ਹਰਿੰਦਰ ਮਾਨਸ਼ਾਹੀਆ ਅਤੇ ਵਾਇਸ ਆਫ ਮਾਨਸਾ ਦੇ ਪ੍ਰਧਾਨ ਡਾ ਜਨਕ ਰਾਜ ਸਿੰਗਲਾ ਵਲੋਂ ਮਸ਼ਾਲਾ ਜਗਾ ਕੇ ਇਸ ਮਾਰਚ ਦੀ ਸ਼ੁਰੂਆਤ ਕੀਤੀ ਗਈ।

ਮਾਨਸਾ ਇਲਾਕੇ ਦਾ ਪੰਜਾਬੀ ਸੰਗੀਤ ਜਗਤ ਵਿਚ ਵੱਡਾ ਨਾਮ ਕਰਨ ਵਾਲੇ ਅਸ਼ੋਕ ਬਾਂਸਲ ਮਾਨਸਾ ਨੇ ਸਕੂਲਾਂ ਵਿਚ ਪੰਜਾਬੀ ਨੂੰ ਲਾਜ਼ਮੀ ਤੌਰ ਤੇ ਲਾਗੂ ਕੀਤੇ ਜਾਣ ਲਈ ਸਰਕਾਰ ਨੂੰ ਅਪੀਲ ਕੀਤੀ। ਪ੍ਰਵਾਸੀ ਹਰਬੰਸ ਸਿੰਘ ਬੁੱਟਰ ਨੇ ਕਿਹਾ ਕਿ ਪੰਜਾਬ ਵਿਚ ਸਰਵ ਧਰਮ ਦੇ ਲੋਕਾਂ ਵਲੋਂ ਪੰਜਾਬੀ ਲਈ ਸੜਕਾਂ ਤੇ ਉਤਰਨਾ ਆਪਣੇ ਆਪ ਵਿਚ ਮਾਂ ਬੋਲੀ ਦੇ ਵਿਕਾਸ ਲਈ ਵੱਡਾ ਇਤਿਹਾਸਿਕ ਕਦਮ ਹੈ ਅਤੇ ਸਮੂਹ ਮਾਨਸਾ ਵਾਸੀ ਇਸ ਲਈ ਵਧਾਈ ਦੇ ਪਾਤਰ ਹਨ।
ਡਾ ਜਨਕ ਰਾਜ ਸਿੰਗਲਾ ਨੇ ਇਸ ਮੌਕੇ ਬੋਲਦਿਆਂ ਕਿਹਾ ਕਿਹਾ ਜਿੱਥੇ ਹੋਰ ਭਾਸ਼ਾਵਾਂ ਸਿੱਖਣ ਦੀ ਜ਼ਰੂਰਤ ਪੈਂਦੀ ਹੈ ਉੱਥੇ ਨਾਲ ਹੀ ਮਾਂ ਬੋਲੀ ਦੀ ਅਹਿਮੀਅਤ ਨੂੰ ਵੀ ਨਾ ਵਸਾਰਿਆ ਜਾਵੇ। ਜਿੰਨਾ ਵਿਕਾਸ ਮਨੁੱਖ ਮਾਤ ਭਾਸ਼ਾ ਵਿਚ ਕਰ ਸਕਦਾ ਹੈ ਐਨਾ ਕਿਸੇ ਹੋਰ ਭਾਸ਼ਾ ਵਿਚ ਨਹੀਂ ਕਰ ਸਕਦਾ।ਉਹਨਾਂ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਕਰਦਿਆਂ ਕਿਹਾ ਕਿ ਸਾਨੂੰ ਮਾਣ ਹੈ ਕਿ ਪੰਜਾਬੀ ਮਾਂ ਬੋਲੀ ਵਿਦੇਸ਼ਾਂ ‘ਚ ਵੀ ਬਹੁਤ ਮਾਣ ਸਤਿਕਾਰ ਬਟੋਰ ਰਹੀ ਹੈ ਤੇ ਪੂਰੀ ਦੁਨੀਆਂ ਇਸਦੇ ਸੰਗੀਤ ਦਾ ਆਨੰਦ ਮਾਣਦੀ ਹੈ।

ਮਾਰਚ ਦੀ ਸ਼ੁਰੂਆਤ ਵਿਚ ਐਸ.ਡੀ. ਕਾਲਜ ਮਾਨਸਾ ਦੀਆਂ ਵਿਦਿਆਰਥਣਾਂ ਤਮੰਨਾ ਨੇ ਇਸ ਮੌਕੇ ਪੰਜਾਬੀ ਮਾਂ ਬੋਲੀ ਬਾਰੇ ਸਭ ਨੂੰ ਆਪਣੀ ਕਵਿਤਾ ਸੁਣਾਈ ਤੇ ਉਹਨਾਂ ਨਾਲ ਐਨਸੀਸੀ ਦੀਆਂ ਵਲੰਟੀਅਰਾਂ ਨੇ ਪੰਜਾਬੀ ਮਾਂ ਬੋਲੀ ਦੀ ਸ਼ਾਨ ਵਿਚ ਨਾਅਰੇ ਲਗਾ ਕੇ ਸਭ ਦੇ ਮਨਾਂ ਵਿਚ ਨਵਾਂ ਜੋਸ਼ ਭਰ ਦਿੱਤਾ। ਸਨਾਵਰ ਸਕੂਲ ਭੋਪਾਲ, ਐਮ ਬੀ ਇੰਟਰਨੈਸ਼ਨਲ ਸਕੂਲ ਰੱਲਾ, ਸਰਵਹਿੱਤਕਾਰੀ ਵਿਦਿਆ ਭਾਰਤੀ ਸਕੂਲ ਮਾਨਸਾ ਦੇ ਬੱਚੇ ਰਿਵਾਇਤੀ ਪਹਿਰਾਵਿਆਂ ਦੇ ਨਾਲ ਨਾਲ ਗਿੱਧੇ ਭੰਗੜੇ ਦੀਆਂ ਵੱਖ ਵੱਖ ਵੰਨਗੀਆਂ ਸਾਰੇ ਰਾਹ ਪੇਸ਼ ਕਰਦੇ ਹੋਏ ਇਸ ਮਾਰਚ ਨੂੰ ਚਾਰ ਚੰਨ ਲਗਾਉਦੇ ਨਜ਼ਰ ਆਏ। ਇਸ ਮੌਕੇ ਅਕਲੀਆ ਪਿੰਡ ਦੇ ਮਦਰੱਸੇ ਤੋਂ ਆਏ ਮੁਸਲਿਮ ਬੱਚਿਆਂ ਦੀ ਟੋਲੀ ਵਲੋਂ ਪੰਜਾਬੀ ਮਾਂ ਬੋਲੀ ਬਾਰੇ ਚੁੱਕੀਆਂ ਤਖਤੀਆਂ ਨਾਲ ਮਾਂ ਬੋਲੀ ਸਭ ਦਾ ਧਿਆਨ ਆਪਣੇ ਵੱਲ ਖਿੱਚਦੇ ਸਨ।

ਇਸ ਮੌਕੇ ਸਨਾਤਨ ਧਰਮ ਸਭਾ ਪ੍ਰਧਾਨ ਰੁਲਦੂ ਰਾਮ ਨੰਦਗੜ੍ਹ, ਆੜਤੀਆ ਐਸੋਸੀਏਸ਼ਨ ਵਲੋਂ ਰਮੇਸ਼ ਟੋਨੀ , ਮੈਡੀਕਲ ਲੈਬਾਰਟਰੀ ਐਸੋਸੀਏਸ਼ਨ ਦੇ ਰਮੇਸ਼ ਕੁਮਾਰ, ਰਵਿੰਦਰ ਗਰਗ, ਬ੍ਰਾਹਮਣ ਸਭਾ ਦੇ ਕੰਵਲਜੀਤ ਸ਼ਰਮਾ, ਅਗਰਵਾਲ ਸਭਾ ਦੇ ਪ੍ਰਧਾਨ ਵਿਨੋਦ ਭੰਮਾ ਅਤੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਸ਼ੋਕ ਗਰਗ, ਆਈ ਐਮ ਏ ਮਾਨਸਾ ਦੇ ਡਾ ਸ਼ੇਰ ਜੰਗ ਸਿੱਧੂ, ਡਾ ਰਣਜੀਤ ਰਾਏਪੁਰੀ, ਡਾ ਨਰੇਸ਼, ਡਾ ਰਾਜੀਵ ਸਿੰਗਲਾ, ਡਾ ਗੁਰਬਖਸ਼ ਸਿੰਘ ਚਹਿਲ, ਡਾ ਤੇਜਿੰਦਰਪਾਲ ਰੇਖੀ, ਡਾ ਸੁਨੀਤ ਜਿੰਦਲ, ਸੀਨੀਅਰ ਸੀਟੀਜ਼ਨ ਆਗੂ ਬਿੱਕਰ ਸਿੰਘ ਮਘਾਣੀਆ, ਸਾਬਕਾ ਐਮ ਸੀ ਜਤਿੰਦਰ ਆਗਰਾ, ਰੋਟਰੀ ਕਲੱਬ ਦੇ ਪ੍ਰੇਮ ਅੱਗਰਵਾਲ , ਕਰਿਆਨਾ ਯੂਨੀਅਨ ਦੇ ਸੁਰੇਸ਼ ਨੰਦਗੜੀਆ, ਮਾਨਸਾ ਨਗਰ ਕੌਂਸਲ ਦੇ ਪ੍ਰਧਾਨ ਬਲਵਿੰਦਰ ਸਿੰਘ ਕਾਕਾ, ਵਾਇਸ ਆਫ ਮਾਨਸਾ ਦੇ ਡਾ ਲਖਵਿੰਦਰ ਮੂਸਾ, ਪ੍ਰਵੀਨ ਟੋਨੀ ਸਮੇਤ ਹੋਰ ਬੁਲਾਰਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੀ ਪ੍ਰਫੁੱਲਤਾ ਤੇ ਬਿਹਤਰੀ ਮਾਂ ਬੋਲੀ ਪ੍ਰੇਮੀਆਂ ਨੂੰ ਮਿਸ਼ਨਰੀਆਂ ਵਾਂਗ ਕੰਮ ਕਰਨ ਦੀ ਲੋੜ ਹੈ ਤਾਂ ਜੋ ਪੰਜਾਬੀ ਦਾ ਸਨਮਾ ਬਹਾਲ ਰੱਖਿਆ ਜਾ ਸਕੇ। ਸਭ ਨੇ ਇਸ ਗੱਲ ਤੇ ਵੀ ਜ਼ੋਰ ਦਿੱਤਾ ਕਿ ਮਾਂ ਬੋਲੀ ਪ੍ਰੇਮੀ ਪੰਜਾਬੀਆਂ ਦੇ ਹੁੰਦੇ ਪੰਜਾਬੀ ਨੂੰ ਕੋਈ ਖਤਰਾ ਨਹੀਂ ਹੈ ਪਰੰਤੂ ਸਾਨੂੰ ਅਗਲੀ ਪੀੜੀ ਨੂੰ ਮਾਂ ਬੋਲੀ ਨਾਲ ਜੋੜਣ ਲਈ ਆਪਣੇ ਨੈਤਿਕ ਫਰਜ਼ ਨੂੰ ਸਮਝਦੇ ਹੋਏ ਸਦਾ ਕਾਰਜਸ਼ੀਲ ਰਹਿਣਾ ਚਾਹੀਦਾ ਹੈ।

ਮਾਰਚ ਵਿਚ ਡਾ ਗੁਰਮੇਲ ਕੌਰ ਜੋਸ਼ੀ, ਨਰਿੰਦਰ ਗੁਪਤਾ, ਬਸੰਤ ਸਿੰਘ ਅਗਰੋਹੀਆ, ਜਸਵਿੰਦਰ ਚਹਿਲ, ਬਲਜੀਤ ਸਿੰਘ ਸੂਬਾ, ਡਾ ਗੁਰਪ੍ਰੀਤ ਕੌਰ, ਕੇ ਕੇ ਸਿੰਗਲਾ ਨੇ ਗੀਤ ਅਤੇ ਕਵਿਤਾਵਾਂ ਰਾਹੀਂ ਮਾਂ ਬੋਲੀ ਦੀ ਪਹਿਰੀਦਾਰੀ ਕਰਨ ਦਾ ਹੋਕਾ ਦਿੱਤਾ। ਜਿਲ੍ਹਾ ਭਾਸ਼ਾ ਅਫਸਰ ਤੇਜਿੰਦਰ ਕੌਰ ਤੇ ਜਿਲਾ ਭਾਸ਼ਾ ਖੋਜ ਅਫਸਰ ਗੁਰਪ੍ਰੀਤ ਸਿੰਘ ਨੇ ਮਾਰਚ ਦੌਰਾਨ ਸ਼ਹਿਰ ਦੇ ਦੁਕਾਨਦਾਰਾਂ ਨੂੰ ਵਧਾਈ ਦਿੱਤੀ ਕਿ ਮਾਨਸਾ ਦੀਆਂ 80 ਫੀਸਦੀ ਦੁਕਾਨਾਂ ਦੇ ਬੋਰਡ ਪਹਿਲਾਂ ਹੀ ਪੰਜਾਬੀ ਵਿਚ ਲੱਗੇ ਹੋਏ ਹਨ ਤੇ ਜਿੰਨਾ ਦੇ ਰਹਿੰਦੇ ਹਨ ਉਹਨਾਂ ਵਲੋਂ ਵੀ ਜਲਦੀ ਸਾਰੇ ਬੋਰਡ ਪੰਜਾਬੀ ਵਿਚ ਤਬਦੀਲ ਕਰਨ ਲਈ ਸਹਿਮਤ ਹਨ ।
ਮਾਰਚ ਵਿਚ ਉੱਘੇ ਗੀਤਕਾਰ ਗੁਰਚੇਤ ਸਿੰਘ ਫੱਤੇਵਾਲੀਆ, ਪੱਤਰਕਾਰ ਬਲਵਿੰਦਰ ਧਾਲੀਵਾਲ, ਕਲਾਕਾਰ ਬਲਜਿੰਦਰ ਸੰਗੀਲਾ, ਸ਼ਾਇਰ ਬਲਵੰਤ ਭਾਟੀਆ, ਗਜ਼ਲਗੋ ਬਲਰਾਜ ਨੰਗਲ, ਕਵੀ ਗੁਰਜੰਟ ਚਾਹਿਲ, ਆਤਮਜੀਤ ਕਾਲਾ, ਨਰੇਸ਼ ਬਿਰਲਾ ਸਮੇਤ ਰਵਾਇਤੀ ਪਹਿਰਾਵੇ ਵਿਚ ਆਏ ਰੰਗਕਰਮੀ ਮਹਿੰਦਰਪਾਲ , ਰਘਵੀਰ ਸਿੰਘ ਮਾਨਸ਼ਾਹੀਆ , ਅੰਮ੍ਰਿਤਪਾਲ ਕੂਕਾ, ਗੁਰਪ੍ਰੀਤ ਸਿੱਧੂ ਮਾਰਚ ‘ਚ ਪੰਜਾਬੀਅਤ ਦਾ ਹੋਕਾ ਦਿੰਦੇ ਨਜ਼ਰ ਆਏ । ਬਜ਼ਾਰਾਂ ਵਿਚੋਂ ਲੰਘਦੇ ਹੋਏ ਇਸ ਵਿਸ਼ਾਲ ਮਾਰਚ ਦਾ ਵੱਖ ਵੱਖ ਥਾਵਾਂ ਤੇ ਬਿਕਰਮਜੀਤ ਟੈਕਸਲਾ, ਰੰਜਨਾ ਮਿੱਤਲ ਐਮ ਸੀ, ਕਮਲ ਗਰਗ, ਕੰਵਲਜੀਤ ਸ਼ਰਮਾ, ਹਰਸ਼ਦੀਪ ਜਿੰਮੀ ਆਦਿ ਸ਼ਾਮਿਲ ਸਨ ਜਿੰਨਾ ਮਾਂ ਬੋਲੀ ਪ੍ਰੇਮੀਆਂ ਦਾ ਫੁੱਲਾਂ ਨਾਲ ਸਵਾਗਤ ਕੀਤਾ।

ਮਾਰਚ ਦੇ ਅੰਤ ਵਿਚ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਚੌਂਕ ਵਿਚ ਹੋਈ ਭਰਵੀਂ ਰੈਲੀ ਵਿਚ ਅੰਤਰਰਾਸ਼ਟਰੀ ਪੱਧਰ ਦੇ ਗਿੱਧਾ ਕੋਚ ਤੇ ਗਾਇਕ ਪਾਲ ਸਿੰਘ ਸਮਾਉਂ ਦੀ ਅਗਵਾਈ ਵਿਚ ਸੰਦਲੀ ਵਿਰਸਾ ਦੀ ਟੀਮ ਨੇ ਵਿਸ਼ੇਸ਼ ਤੌਰ ਤੇ ਪੰਜਾਬੀ ਮਾਂ ਬੋਲੀ ਨਾਲ ਸਬੰਧਤ ਬੋਲੀਆਂ ਪਾ ਕੇ ਲੋਕਾਂ ਨੂੰ ਨਾਲ ਨੱਚਣ ਲਈ ਮਜਬੂਰ ਕਰ ਦਿੱਤਾ । ਇਸ ਮੌਕੇ ਉਹਨਾਂ ਵਲੋਂ ਪੰਜਾਬੀ ਸਭਿਆਚਾਰ ਦੀਆਂ ਵੱਖ ਵੱਖ ਵੰਨਗੀਆਂ ਵਿਚੋਂ ਟੱਪੇ ਤੇ ਲੋਕ ਗੀਤਾਂ ਨਾਲ ਅਜਿਹਾ ਸਮਾਂ ਬੰਨਿਆ ਕਿ ਰਿਟਾਇਰਡ ਪ੍ਰੋਫੈਸਰ ਦਰਸ਼ਨ ਸਿੰਘ , ਮਾਨਸਾ ਬਾਰ ਦੇ ਪ੍ਰਧਾਨ ਨਵਲ ਕੁਮਾਰ ਸਮੇਤ ਬੱਸ ਸਟੈਂਡ ਲਾਗੇ ਗੁਜ਼ਰ ਰਹੇ ਰਾਹਗੀਰਾਂ ਅਤੇ ਆਲੇ ਦੁਆਲੇ ਦੇ ਦੁਕਾਨਦਾਰਾਂ ਨੂੰ ਮੰਤਰ ਮੁਗਧ ਕਰਦੇ ਹੋਏ ਨੱਚਣ ਲਈ ਮਜਬੂਰ ਕਰ ਦਿੱਤਾ। ਅੰਤ ਵਿਚ ਵਾਇਸ ਆਫ ਮਾਨਸਾ ਦੇ ਭਰਪੂਰ ਸਿੰਘ ਸਿੱਧੂ ਅਤੇ ਵਿਸ਼ਵਦੀਪ ਬਰਾੜ ਨੇ ਸਾਰੀਆਂ ਸੰਸਥਾਵਾਂ ਵਲੋਂ ਇਸ ਮਾਰਚ ਨੂੰ ਸਫਲ ਬਣਾਉਣ ਲਈ ਪਾਏ ਗਏ ਯੋਗਦਾਨ ਲਈ ਸਭ ਦਾ ਧੰਨਵਾਦ ਕੀਤਾ।ਸਮੂਹ ਮਾਨਸਾ ਵਾਸੀਆਂ ਦੀ ਮਾਂ ਬੋਲੀ ਦੇ ਵਿਕਾਸ ਪ੍ਰਤੀ ਇਕ ਜੁੱਟਤਾ ਦਾ ਪ੍ਰਦਰਸ਼ਨ ਕਰਕੇ ਇਲਾਕੇ ਵਿਚ ਨਵਾਂ ਇਤਿਹਾਸ ਸਿਰਜ ਗਿਆ ਇਹ ਮਾਰਚ ।

