ਭਾਸ਼ਾ ਵਿਭਾਗ ਵੱਲੋਂ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਮੌਕੇਕਵੀ ਹਰਮਨਜੀਤ ਦਾ ਰੂ-ਬ-ਰੂ ਕਰਵਾਇਆ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 21 ਫਰਵਰੀ 2023 : ਆਪਣੀ ਮਾਂ ਬੋਲੀ ਵਿੱਚ ਮਨੁੱਖ ਜਨਮ ਲੈਂਦਾ ਹੈ, ਇਸੇ ਵਿੱਚ ਜਿਊਂਦਾ ਹੈ ਅਤੇ ਇਸੇ ਵਿੱਚ ਹੀ ਉਹ ਆਪਣੇ ਆਖਰੀ ਸਾਹ ਲੈਂਦਾ ਹੈ, ਇਸ ਲਈ ਸਾਨੂੰ ਸਭ ਨੂੰ ਆਪਣੀ ਮਾਂ ਬੋਲੀ ’ਤੇ ਮਾਣ ਕਰਨਾ ਚਾਹੀਦਾ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਨੇ ਭਾਸ਼ਾ ਵਿਭਾਗ ਵੱਲੋਂ ਸਥਾਨਕ ਮਾਤਾ ਸੁੰਦਰੀ ਯੂਨੀਵਰਸਿਟੀ ਗਰਲਜ਼ ਕਾਲਜ ਵਿਖੇ ਕੌਮਾਂਤਰੀ ਮਾਂ ਬੋਲੀ ਦਿਵਸ ਨੂੰ ਸਮਰਪਿਤ ਸਾਹਿਤਕ ਸਮਾਗਮ ਦੌਰਾਨ ਕੀਤਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਅਸੀਂ ਭਾਵੇਂ ਹੋਰ ਕਿੰਨੀਆਂ ਵੀ ਭਾਸ਼ਾਵਾਂ ਸਿੱਖ ਲਈਏ ਪਰ ਆਪਣੀ ਮਾਂ ਬੋਲੀ ਦਾ ਦਰਜਾ ਉੱਤਮ ਹੋਣਾ ਚਾਹੀਦਾ ਹੈ। ਉਨ੍ਹਾਂ ਮਾਂ ਬੋਲੀ ਦੀ ਪ੍ਰਫੁੱਲਤਾ ਲਈ ਵਿਭਾਗ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕੀਤੀ।
ਸਾਹਿਤਕ ਸਮਾਗਮ ਦੌਰਾਨ ਉੱਘੇ ਨੌਜੁਆਨ ਕਵੀ ਹਰਮਨਜੀਤ ਸਿੰਘ ਦਾ ਰੂ-ਬ-ਰੂ ਕਰਵਾਇਆ ਗਿਆ। ਉਨ੍ਹਾਂ ਆਪਣੀ ਰਚਨਾ ਪ੍ਰਕਿਰਿਆ ਬਾਰੇ ਬੋਲਦਿਆਂ ਕਿਹਾ ਕਿ ਪੜ੍ਹਨ ਲਿਖਣ ਦਾ ਮਾਹੌਲ ਘਰ ਵਿੱਚ ਸੀ, ਸਾਹਿਤਕ ਰਸਾਲੇ ਅਤੇ ਕਿਤਾਬਾਂ ਨਾਲ ਉਹ ਛੋਟੀ ਉਮਰ ਵਿੱਚ ਹੀ ਜੁੜ ਗਿਆ ਸੀ। ਕਿਤਾਬਾਂ ਬੰਦੇ ਨੂੰ ਬਾਰੀਕ ਤੇ ਸੂਖਮ ਬਣਾਉਂਦੀਆਂ ਹਨ। ਕਿਤਾਬਾਂ ਮਨੁੱਖ ਨੂੰ ਬਿਹਤਰ ਮਨੁੱਖ ਬਣਨ ਵਿੱਚ ਸਹਾਈ ਹੁੰਦੀਆਂ ਹਨ।
ਉਨ੍ਹਾਂ ਬੱਚਿਆਂ ਦੀ ਸਿੱਖਿਆ ਬਾਰੇ ਬੋਲਦਿਆਂ ਕਿਹਾ ਕਿ ਸਾਨੂੰ ਕਿਸੇ ਬੱਚੇ ਨੂੰ ਫੜ੍ਹ ਕੇ ਟੀਚੇ ਤੱਕ ਲਿਜਾਣ ਦੀ ਲੋੜ ਨਹੀਂ, ਸਿਰਫ ਚੇਟਕ ਲਾਉਣ ਦੀ ਲੋੜ ਹੈ, ਬਾਕੀ ਸਾਰਾ ਕੰਮ ਆਪਣੇ ਆਪ ਹੋ ਜਾਵੇਗਾ। ਹੋਰ ਕੋਸ਼ਿਸ਼ ਕਰਨ ਦੀ ਲੋੜ ਨਹੀਂ। ਬੱਚੇ ਅਕਸਰ ਮੈਨੂੰ ਪੁੱਛਦੇ ਹਨ ਕਿ ਕਿਤਾਬ ਕਿਹੜੀ ਪੜ੍ਹੀਏ। ਉਨ੍ਹਾਂ ਕਿਹਾ ਕਿ ਕੋਈ ਵੀ ਕਿਤਾਬ ਜੋ ਤੁਹਾਨੂੰ ਵਰਤਮਾਨ ਸਮੇਂ ਵਧੀਆ ਲੱਗਦੀ ਹੈ, ਉਹ ਪੜ੍ਹ ਲੈਣੀ ਚਾਹੀਦੀ ਹੈ।
ਪ੍ਰੋ. ਬਲਮ ਲੀਂਬਾ ਨੇ ਪੰਜਾਬੀ ਭਾਸ਼ਾ ਦੇ ਇਤਿਹਾਸ ਅਤੇ ਵਰਤਮਾਨ ਸਥਿਤੀ ਬਾਰੇ ਚਰਚਾ ਕਰਦਿਆਂ ਕਿਹਾ ਕਿ ਪੰਜਾਬੀ ਭਾਸ਼ਾ ਦੁਨੀਆਂ ਵਿੱਚ ਬੋਲਣ ਦੇ ਪੱਖ ਤੋਂ ਦਸਵੇਂ ਨੰਬਰ ’ਤੇ ਆਉਂਦੀ ਹੈ। ਇਸ ਨੂੰ ਰੁਜ਼ਗਾਰ ਦੀ ਭਾਸ਼ਾ ਨਾਲ ਜੋੜਨਾ ਜਰੂਰੀ ਹੈ। ਪਿ੍ਰੰਸੀਪਲ ਬਰਿੰਦਰ ਕੌਰ ਨੇ ਪੰਜਾਬੀ ਭਾਸ਼ਾ ਦੇ ਪ੍ਰਾਚੀਨਤਮ ਪੱਖਾਂ ’ਤੇ ਚਰਚਾ ਕਰਦਿਆਂ ਕਿਹਾ ਕਿ ਇਹ ਭਾਸ਼ਾ ਗੁਰੂ ਪੀਰਾਂ ਫਕੀਰਾਂ ਦੀ ਭਾਸ਼ਾ ਹੈ, ਇਸ ਨੂੰ ਬੋਲਣ ਲਿਖਣ ਪੜ੍ਹਨ ਵਿੱਚ ਫਖ਼ਰ ਹੋਣਾ ਚਾਹੀਦਾ ਹੈ।
ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਨੇ ਸਭ ਦਾ ਧੰਨਵਾਦ ਕਰਦਿਆਂ ਭਾਸ਼ਾ ਵਿਭਾਗ ਦੇ ਕਾਰਜਾਂ ਅਤੇ ਸਕੀਮਾਂ ਬਾਰੇ ਜਾਣੂ ਕਰਵਾਇਆ। ਉਹਨਾਂ ਕਿਹਾ ਕਿ ਮਾਂ ਬੋਲੀ ਹਰ ਮਨੁੱਖ ਦੀ ਰੂਹ ਹੁੰਦੀ ਹੈ, ਜੇਕਰ ਮਨੁੱਖ ਇਸ ਤੋਂ ਮੁਨਕਰ ਹੋਵੇਗਾ ਤਾਂ ਉਹ ਇਕ ਤਰ੍ਹਾਂ ਨਾਲ ਆਪਣੀ ਰੂਹ ਤੋਂ ਪਾਸਾ ਵੱਟ ਰਿਹਾ ਹੋਵੇਗਾ।
ਇਸ ਮੌਕੇ ਹਰਿੰਦਰ ਭੁੱਲਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਗੁਰਲਾਭ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ, ਬਲਵਿੰਦਰ ਧਾਲੀਵਾਲ, ਦਰਸ਼ਨ ਜੋਗਾ, ਬਲਰਾਜ ਨੰਗਲ, ਪ੍ਰਿੰਸੀਪਲ . ਦਰਸਨ ਸਿੰਘ, ਗੁਰਮੇਲ ਕੌਰ ਜੋਸ਼ੀ ਲਖਵਿੰਦਰ ਮੂਸਾ, ਹਰਦੀਪ ਸਿੱਧੂ, ਬਲਜਿੰਦਰ ਸਿੰਘ, ਵਿਨੋਦ ਮਿੱਤਲ, ਗੁਰਪ੍ਰੀਤ ਕੌਰ, ਆਤਮਾ ਸਿੰਘ ਪਮਾਰ, ਹੰਸ ਰਾਜ ਮੋਫਰ, ਦਿਲਬਾਗ ਰਿਓਂਦ, ਗੁਲਾਬ ਸਿੰਘ, ਅਜੀਜ ਸਰੋਏ, ਊਧਮ ਮੰਦਰਾਂ, ਜਗਤਾਰ ਔਲਖ, ਹਰਜੀਤ ਸਿੰਘ , ਓਮ ਪਰਕਾਸ ਮਿੱਡਾ ਰਾਜਿੰਦਰ, ਇੰਦਰਜੀਤ ਜੋਧਾ ਮੌਜੂਦ ਸਨ l

