ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 11 ਫਰਵਰੀ 2023 : 21 ਫਰਵਰੀ, 2023 ਤੱਕ ਪੰਜਾਬ ਰਾਜ ਦੇ ਸਮੂਹ ਸਰਕਾਰੀ ਦਫਤਰਾਂ/ਵਿਭਾਗਾਂ/ ਅਦਾਰਿਆਂ/ਸੰਸਥਾਂਵਾਂ/ਵਿੱਦਿਅਕ ਅਦਾਰਿਆਂ/ਬੋਰਡਾਂ/ਨਿਗਮਾਂ ਅਤੇ ਗ਼ੈਰ ਸਰਕਾਰੀ ਸੰਸਥਾਵਾਂ ਪਬਲਿਕ ’ਤੇ ਪ੍ਰਾਈਵੇਟ ਦੁਕਾਨਾਂ ਅਤੇ ਵਪਾਰਕ ਅਦਾਰਿਆਂ ਆਦਿ ਦੇ ਨਾਮ ਅਤੇ ਸੜ੍ਹਕਾਂ ਦੇ ਨਾਮ/ਨਾਮ ਪੱਟੀਆਂ, ਮੀਲ ਪੱਥਰ/ਸਾਈਨ ਬੋਰਡ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਵਿੱਚ ਲਿਖੇ ਜਾਣ। ਜੇਕਰ ਕਿਸੇ ਹੋਰ ਭਾਸ਼ਾ ਵਿੱਚ ਨਾਮ ਲਿਖਣਾ ਹੋਵੇ ਤਾਂ ਪੰਜਾਬੀ ਭਾਸ਼ਾ (ਗੁਰਮੁਖੀ ਲਿਪੀ) ਤੋਂ ਬਾਅਦ ਲਿਖਿਆ ਜਾਵੇ। ਪੰਜਾਬ ਸਰਕਾਰ, ਉਚੇਰੀ ਸਿੱਖਿਆ ਅਤੇ ਭਾਸ਼ਾਵਾਂ ਵੱਲੋਂ ਇਸ ਸਬੰਧੀ ਹਦਾਇਤਾਂ ਵੀ ਜਾਰੀ ਕੀਤੀਆਂ ਗਈਆਂ ਹਨ। ਇਹ ਜਾਣਕਾਰੀ ਜ਼ਿਲ੍ਹਾ ਭਾਸ਼ਾ ਅਫ਼ਸਰ, ਤੇਜਿੰਦਰ ਕੌਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਇਸ ਮਾਮਲੇ ਪ੍ਰਤੀ ਬੇਹੱਦ ਸੰਜ਼ੀਦਾ ਹੈ, ਇਸ ਲਈ ਕਿਸੇ ਪ੍ਰਕਾਰ ਦੀ ਅਣਗਹਿਲੀ ਨਾ ਵਰਤੀ ਜਾਵੇ। ਪੰਜਾਬੀ ਸਾਡੀ ਮਾਤ ਭਾਸ਼ਾ ਪੰਜਾਬ ਰਾਜ ਦੀ ਜਿੰਦ-ਜਾਨ ਹੈ ਅਤੇ ਇਹ ਪੰਜਾਬੀਅਤ ਦਾ ਮਾਣ ਹੈ ਅਤੇ ਸਾਡਾ ਸਾਰਿਆਂ ਦਾ ਇਹ ਨੈਤਿਕ ਤੌਰ ’ਤੇ ਫ਼ਰਜ ਬਣਦਾ ਹੈ ਕਿ ਅਸੀਂ ਮਾਤ ਭਾਸ਼ਾ ਨੂੰ ਉਸ ਦਾ ਬਣਦਾ ਮਾਣ-ਸਤਿਕਾਰ ਦੇਈਏ। ਉਨ੍ਹਾਂ ਅਪੀਲ ਕੀਤੀ ਕਿ ਆਪੋ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਸਥਾਨਾਂ ਦੀ ਪੜਤਾਲ ਕਰ ਲਈ ਜਾਵੇ ਅਤੇ ਇਹ ਵੀ ਵਿਸ਼ੇਸ਼ ਤੌਰ ’ਤੇ ਧਿਆਨ ਦਿੱਤਾ ਜਾਵੇ ਕਿ ਸ਼ਬਦ-ਜੋੜ ਵੀ ਠੀਕ ਹੋਣ। ਜੇਕਰ ਕੋਈ ਇਸ ਤਰ੍ਹਾਂ ਦੀ ਕਮੀ ਪਾਈ ਜਾਂਦੀ ਹੈ ਤਾਂ ਸਬੰਧਤ ਅਧਿਕਾਰੀਆਂ ਵੱਲੋਂ ਜਲਦੀ ਤੋਂ ਜਲਦੀ ਠੀਕ ਕਰਵਾਏ ਜਾਣ।
ਇਨ੍ਹਾਂ ਹਦਾਇਤਾਂ ਸੰਬੰਧੀ ਵੱਖ-ਵੱਖ ਵਿਭਾਗਾਂ ਦੇ ਜ਼ਿਲ੍ਹਾ ਮੁਖੀਆਂ ਨੂੰ ਪੱਤਰ ਭੇਜ ਕੇ ਸੂਚਿਤ ਵੀ ਕੀਤਾ ਜਾ ਚੁੱਕਾ ਹੈ। ਜ਼ਿਲ੍ਹਾ ਭਾਸ਼ਾ ਦਫਤਰ, ਮਾਨਸਾ ਵੱਲੋਂ ਵੱਖ-ਵੱਖ ਦਫਤਰਾਂ ਦੇ ਨਿਰੀਖਣ ਦੌਰਾਨ ਇਹ ਪਾਇਆ ਗਿਆ ਹੈ ਕਿ ਅਜੇ ਵੀ ਸੰਪੂਰਨ ਰੂਪ ਵਿੱਚ ਰਾਜ ਭਾਸ਼ਾ ਐਕਟ 1967, ਰਾਜ ਭਾਸ਼ਾ ਐਕਟ (ਤਰਮੀਮ) 2008 ਅਤੇ ਰਾਜ ਭਾਸ਼ਾ (ਸੋਧ) ਐਕਟ, 2021 ਦੀ ਪਾਲਣਾ ਨਹੀਂ ਹੋ ਰਹੀ। ਸੋ ਇਸ ਐਕਟ ਦੀ ਇੰਨ-ਬਿੰਨ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ। ਇਸ ਸੰਬੰਧੀ ਕਿਸੇ ਵੀ ਸਮੇਂ ਦਫਤਰ, ਜ਼ਿਲ੍ਹਾ ਭਾਸ਼ਾ ਅਫਸਰ, ਮਾਨਸਾ ਤੋਂ ਅਗਵਾਈ/ਸਹਿਯੋਗ ਲਿਆ ਜਾ ਸਕਦਾ ਹੈ।

