ਨਹਿਰ ਨੂੰ ਸਿਫ਼ਟਿੰਗ ਦੀ ਮੰਗ ਕਰ ਰਹੇ ਕਿਸਾਨਾਂ ਨੂੰ ਟੇਲਾਂ ਵਾਲੇ ਕਿਸਾਨਾਂ ਦੀ ਭਲਾਈ ਲਈ ਸਹਿਯੋਗ ਕਰਨ ਦੀ ਕੀਤੀ ਅਪੀਲ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 2 ਫਰਵਰੀ 2023 : ਫਫੜੇ ਭਾਈਕੇ, ਕਿਸ਼ਨਗੜ੍ਹ ਫਰਵਾਹੀ ਉਡਤ ਬਰਾਂਚ ਦੀ ਨਹਿਰ ਪੱਕੀ ਹੋਣ ਨਾਲ 30 ਪਿੰਡਾਂ ਨੂੰ ਸਿੰਚਾਈ ਲਈ ਅਤੇ ਪੀਣ ਵਾਲਾ ਸਾਫ਼ ਪਾਣੀ ਮੁਹੱਈਆ ਹੋਵੇਗਾ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਉਡਤ ਬ੍ਰਾਂਚ ਨੂੰ ਪੱਕਾ ਕਰਨ ਸਮੇਂ ਸਿਫ਼ਟਿੰਗ ਦੀ ਮੰਗ ਕਰ ਰਹੇ ਕਿਸਾਨਾਂ ਨਾਲ ਮੀਟਿੰਗ ਕਰਦਿਆਂ ਦਿੱਤੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 1978 ’ਚ ਬਣੀ ਉਡਤ ਬ੍ਰਾਂਚ ’ਚ ਇੱਟਾਂ ਦੀ ਲਾਈਨਿੰਗ ਕਾਰਣ ਅਤੇ ਨਹਿਰ ਵਿੱਚ ਹੋਈ ਟੁੱਟ ਭੱਜ ਨਾਲ ਟੇਲਾਂ ਵਾਲੇ ਕਿਸਾਨਾਂ ਦੀਆਂ ਫਸਲਾਂ ਤੱਕ ਨਹਿਰੀ ਪਾਣੀ ਦੀ ਕਮੀ ਰਹਿੰਦੀ ਸੀ। ਉਨ੍ਹਾਂ ਦੱਸਿਆ ਕਿ ਨਹਿਰ ਦੇ ਕੰਕਰੀਟ ਨਾਲ ਪੱਕੀ ਹੋਣ ਤੋਂ ਬਾਅਦ ਕਿਸਾਨਾਂ ਦੀਆਂ ਟੇਲਾਂ ਤੱਕ ਪਾਣੀ ਪਹੁੰਚ ਸਕੇਗਾ ਅਤੇ ਸੁਖਾਵੇਂ ਢੰਗ ਨਾਲ ਖੇਤੀ ਵੀ ਹੋ ਸਕੇਗੀ ਅਤੇ ਲੋਕਾਂ ਨੂੰ ਪੀਣਯੋਗ ਸਾਫ਼ ਪਾਣੀ ਵੀ ਮਿਲ ਸਕੇਗਾ। ਉਨ੍ਹਾਂ ਦੱਸਿਆ ਕਿ ਇਹ ਨਹਿਰ ਪਹਿਲਾਂ ਨਾਲੋਂ 20 ਫੀਸਦੀ ਵਾਧੇ ਨਾਲ ਬਣ ਰਹੀ ਹੈ।
ਇਸ ਮੌਕੇ 23 ਪਿੰਡਾਂ ਦੇ ਟੇਲਾਂ ਵਾਲੇ ਕਿਸਾਨਾਂ ਨੇ ਦੱਸਿਆ ਕਿ ਨਹਿਰੀ ਪਾਣੀ ਦੀ ਕਮੀ ਕਾਰਣ ਇਲਾਕੇ ਦੀਆਂ ਫਸਲਾਂ ਸੁੱਕ ਰਹੀਆਂ ਹਨ ਅਤੇ ਪੀਣਯੋਗ ਪਾਣੀ ਵੀ ਉਪਲੱਬਧ ਨਹੀ ਹੋ ਪਾ ਰਿਹਾ, ਨਹਿਰ ਨੂੰ ਪੱਕਾ ਕਰਨ ਦਾ ਕੰਮ ਜਲਦ ਸ਼ੁਰੂ ਨਾ ਹੋਣ ਦੀ ਸ਼ੂਰਤ ਧਰਨਾ ਪ੍ਰਦਸ਼ਣ ਕੀਤਾ ਜਾਵੇਗਾ। ਦੋਵੇਂ ਧਿਰਾਂ ਦੀ ਗੱਲ ਨੂੰ ਗਹੁ ਨਾਲ ਸੁਣਨ ਤੋਂ ਬਾਅਦ ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗੀ ਅਧਿਕਾਰੀਆਂ ਨੂੰ ਸੋਮਵਾਰ ਨੂੰ ਤੁਰੰਤ ਨਹਿਰ ਦਾ ਕੰਮ ਸ਼ੁਰੂ ਕਰਵਾਉਣ ਦੇ ਆਦੇਸ਼ ਦਿੱਤੇ, ਤਾਂ ਜੋ ਪਾਣੀ ਦੀ ਕਮੀ ਕਾਰਣ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਨਾ ਹੋ ਸਕੇ ਅਤੇ ਪਿੰਡਾਂ ਦੇ ਲੋਕਾਂ ਨੂੰ ਪੀਣਯੋਗ ਸਾਫ਼ ਪਾਣੀ ਮਿਲ ਸਕੇ।

