ਬਿਊਰੋ, ਪ੍ਰਾਈਮ ਪੋਸਟ ਪੰਜਾਬ
ਚੰਡੀਗੜ੍ਹ : ਪੰਜਾਬ ਪੁਲਿਸ ਦੇ ਸਪੈਸ਼ਲ ਆਪਰੇਸ਼ਨ ਸੈੱਲ ਨੂੰ ਵੱਡੀ ਕਾਮਯਾਬੀ ਮਿਲੀ ਹੈ। ਸਪੈਸ਼ਲ ਸੈੱਲ ਦੇ ਅਧਿਕਾਰੀਆਂ ਨੇ ਇਕ ਜਾਸੂਸ ਨੂੰ ਗ੍ਰਿਫਤਾਰ ਕੀਤਾ ਹੈ, ਜੋ ਕਥਿਤ ਤੌਰ ‘ਤੇ ਭਾਰਤ ਦੀ ਖੁਫੀਆ ਜਾਣਕਾਰੀ ਨੂੰ ਲੀਕ ਕਰ ਰਿਹਾ ਸੀ।ਪੁਲਿਸ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਭਾਰਤ ਦੀ ਖੁਫੀਆ ਜਾਣਕਾਰੀ ਸਿੱਖ ਫਾਰ ਜਸਟਿਸ ਅਤੇ ਪਾਕਿਸਤਾਨ ਦੀ ਆਈਐੱਸਆਈ ਨੂੰ ਸਾਂਝਾ ਕਰ ਰਿਹਾ ਸੀ। ਮੁਲਜ਼ਮ ਦੀ ਪਛਾਣ ਤ੍ਰਿਪੇਂਦਰ ਸਿੰਘ ਵਜੋਂ ਹੋਈ ਹੈ, ਜੋ ਪੰਜਾਬ ਦੀਆਂ ਅਹਿਮ ਇਮਾਰਤਾਂ ਦੀਆਂ ਤਸਵੀਰਾਂ ਅਤੇ ਨਕਸ਼ੇ ਆਈਐਸਆਈ ਨੂੰ ਭੇਜ ਰਿਹਾ ਸੀ। ਕਥਿਤ ਤੌਰ ‘ਤੇ ਮੁਲਜ਼ਮ ਤ੍ਰਿਪਿੰਦਰ ਦਾ ਸਬੰਧ ਵੀ ਇੱਕ ਕੱਟੜਪੰਥੀ ਗਰੁੱਪ ਨਾਲ ਸੀ।
ਸਪੈਸ਼ਲ ਸੈੱਲ ਨੇ ਦੱਸਿਆ ਕਿ ਮੁਲਜ਼ਮ ਤ੍ਰਿਪੇਂਦਰ ਸਿੰਘ ਦੀ ਉਮਰ 40 ਸਾਲ ਹੈ ਅਤੇ ਉਸ ਨੂੰ ਚੰਡੀਗੜ੍ਹ ਦੇ ਸੈਕਟਰ 40 ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ। ਪਿਛਲੇ 4 ਸਾਲਾਂ ਤੋਂ ਪਾਕਿਸਤਾਨ ਆਈਐਸਆਈ ਨੂੰ ਪੰਜਾਬ ਦੀਆਂ ਅਹਿਮ ਸਰਕਾਰੀ ਇਮਾਰਤਾਂ ਦੇ ਨਕਸ਼ੇ ਅਤੇ ਫੋਟੋਆਂ ਮੁਹੱਈਆ ਕਰਵਾ ਰਿਹਾ ਸੀ। ਹਾਲ ਹੀ ‘ਚ ਪੰਜਾਬ ਪੁਲਸ ਦੇ ਦੋ ਵੱਖ-ਵੱਖ ਦਫਤਰਾਂ ‘ਤੇ ਰਾਕੇਟ ਹਮਲੇ ਹੋਏ ਸਨ, ਜਿਨ੍ਹਾਂ ‘ਚ ਦੋਸ਼ੀ ਤ੍ਰਿਪੇਂਦਰ ਦੀ ਵੀ ਸ਼ਮੂਲੀਅਤ ਹੋ ਸਕਦੀ ਹੈ, ਹਾਲਾਂਕਿ ਇਸ ਦੀ ਜਾਂਚ ਕੀਤੀ ਜਾ ਰਹੀ ਹੈ।

