ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਸਰਦੂਲਗੜ੍ਹ, 12 ਦਸੰਬਰ 2022 : ਸ਼ਹਿਰ ਵਿੱਚੋਂ ਨਿਕਲ ਰਹੇ ਨੈਸ਼ਨਲ ਹਾਈਵੇ ਤੇ ਬਣ ਰਹੇ ਡਿਵਾਈਡਰ ਵਿੱਚ ਮੁੱਖ ਜਗ੍ਹਾ ਤੇ ਕੱਟ ਨਾ ਰੱਖਣ ਤੋਂ ਪਰੇਸ਼ਾਨ ਵੱਡੀ ਗਿਣਤੀ ਵਿਚ ਇਕੱਠੇ ਹੋਏ ਸ਼ਹਿਰ ਵਾਸੀਆਂ ਦੀ ਇਕ ਮੀਟਿੰਗ ਗੁਰੂਦਵਾਰਾ ਸਰੋਵਰ ਸਾਹਿਬ ਵਿਖੇ ਹੋਈ, ਜਿਸ ਵਿੱਚ ਸਮੂਹ ਇਲਾਕਾ ਨਿਵਾਸੀਆਂ, ਵਪਾਰਕ, ਰਜਨੀਤਿਕ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਨੇ ਸ਼ਮੂਲੀਅਤ ਕੀਤੀ, ਇਸ ਮੌਕੇ ਵੱਖ ਵੱਖ ਸੰਸਥਾਵਾਂ ਦੇ ਨੁਮਾਇੰਦਿਆਂ ਵਿਅਕਤੀਆਂ ਨੇ ਇਸ ਡਿਵਾਈਡਰ ਨੂੰ ਲੈ ਕੇ ਆਪਣੇ ਵਿਚਾਰ ਸਾਂਝੇ ਕੀਤੇ।ਉਨ੍ਹਾ ਕਿਹਾ ਕੇ ਸ਼ਹਿਰ ਅੰਦਰ ਬਣ ਰਿਹਾ ਇਹ ਡਿਵਾਈਡਰ ਬੱਸ ਸਟੈਂਡ, ਹਸਪਤਾਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁਆਏ,ਅਨਾਜ ਮੰਡੀ ਅਤੇ ਪੂਰੇ ਸ਼ਹਿਰ ਦਾ ਤਾਲਮੇਲ ਨੂੰ ਖਤਮ ਕਰ ਦੇਵੇਗਾ l
ਸਿਰਫ ਇਹੀ ਨਹੀਂ ਬਲਕਿ ਲੋਕਾਂ ਨੂੰ ਇਕ ਪਾਸੇ ਤੋਂ ਦੂਜੇ ਪਾਸੇ ਆਉਣ ਜਾਣ ਲਈ ਸਮੱਸਿਆਵਾਂ ਪੈਦਾ ਕਰੇਗਾ, ਇਸ ਨਾਲ ਸ਼ਹਿਰ ਦੀ ਟਰੈਫਿਕ ਸੱਮਸਿਆ ਵੀ ਵਧੇਗੀ, ਕੁਝ ਸਮਾਂ ਪਹਿਲਾਂ ਵੀ ਸ਼ਹਿਰ ਵਾਸੀਆਂ ਵੱਲੋਂ ਇਕੱਠੇ ਹੋ ਕੇ ਮੀਟਿੰਗ ਕਰਕੇ ਮੌਜੂਦਾ ਵਿਧਾਇਕ ਨੂੰ ਨਾਲ ਲੈ ਕੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਮਿਲ ਕੇ ਇੱਕ ਮੈਮੋਰੰਡਮ ਦਿੱਤਾ ਗਿਆ ਸੀ ਜਿਸ ਵਿੱਚ ਇਸ ਡਿਵਾਈਡਰ ਵਿੱਚ ਕੱਟ ਵਧਾਉਣ ਲਈ ਮੰਗ ਰੱਖੀ ਗਈ ਸੀ ਅਤੇ ਵਿਧਾਇਕ ਵੱਲੋਂ ਇਹ ਵਿਸ਼ਵਾਸ ਦੁਆਇਆ ਗਿਆ ਸੀ ਕਿ ਇਹ ਕੱਟ ਪਾਸ ਕਰਵਾ ਦਿੱਤੇ ਜਾਣਗੇ ਪਰੰਤੂ ਸਬੰਧਤ ਮਹਿਕਮੇ ਕੋਲ ਹਾਲੇ ਤੱਕ ਇਹਨਾਂ ਕੱਟਾਂ ਦੀ ਮਨਜ਼ੂਰੀ ਸਬੰਧੀ ਕੋਈ ਵੀ ਦਸਤਾਵੇਜ਼ ਨਹੀਂ ਪਹੁੰਚੇ,ਇਸ ਕਾਰਨ ਸਥਾਨਕ ਇਲਾਕਾ ਵਾਸੀ ਗੁੱਸੇ ਵਿੱਚ ਹਨ । ਅੱਜ ਦੀ ਮੀਟਿੰਗ ਵਿੱਚ ਸੱਤਾਧਾਰੀ ਪਾਰਟੀ ਦੇ ਨੁਮਾਇੰਦੇ ਵਿਰਸਾ ਸਿੰਘ ਨੇ ਕਿਹਾ ਕਿ ਇਹ ਸਮੱਸਿਆ ਦੇ ਹੱਲ ਲਈ ਵਿਧਾਇਕ ਗੁਰਪ੍ਰੀਤ ਬਨਾਵਲੀ ਵਲੋਂ ਇਹ ਵਿਸ਼ਵਾਸ ਦੁਆਇਆ ਗਿਆ ਕਿ ਨੈਸ਼ਨਲ ਹਾਈਵੇਅ ਅਥਾਰਟੀ ਨਾਲ ਸੰਪਰਕ ਬਣਾ ਕੇ ਇਨ੍ਹਾਂ ਕੱਟਾ ਨੂੰ ਜਲਦੀ ਹੀ ਮਨਜ਼ੂਰ ਕਰਵਾਉਣ ਦੀ ਅਪੀਲ ਕਰਨਗੇ।

