ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 24 ਨਵੰਬਰ 2022 :ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਆਮ ਨਾਗਰਿਕਾਂ ਦੀ ਸੁਵਿਧਾ ਲਈ ਸੇਵਾ ਕੇਂਦਰਾਂ ਤੋਂ ਮਿਲਣ ਵਾਲੀਆਂ 6 ਸੇਵਾਵਾਂ ਜਿਵੇਂ ਕਿ ਆਮਦਨ ਸਰਟੀਫਿਕੇਟ, ਪੇਂਡੂ ਹਲਕੇ ਦਾ ਸਰਟੀਫਿਕੇਟ, ਜਨਮ ਸਰਟੀਫਿਕੇਟ ਵਿਚ ਨਾਮ ਜੋੜਨ, ਸੀਨੀਅਰ ਸਿਟੀਜ਼ਨ ਆਈ.ਡੀ. ਕਾਰਡ, ਆਮਦਨ ਤੇ ਖਰਚਾ ਸਰਟੀਫਿਕੇਟ ਅਤੇ ਜਨਰਲ ਵਰਗ ਨਾਲ ਸਬੰਧਤ ਜਾਤੀ ਸਰਟੀਫਿਕੇਟ ਲੈਣ ਲਈ ਹੁਣ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੋਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਪਹਿਲਾਂ ਇਨ੍ਹਾਂ ਸੇਵਾਵਾਂ ਲਈ ਨਾਗਰਿਕਾਂ ਵੱਲੋਂ ਫਾਰਮ ਭਰੇ ਜਾਂਦੇ ਸਨ, ਪਰ ਪ੍ਰਸ਼ਾਸਨਿਕ ਸੁਧਾਰ ਤੇ ਲੋਕ ਸ਼ਿਕਾਇਤ ਵਿਭਾਗ ਤੋਂ ਪ੍ਰਾਪਤ ਹਦਾਇਤਾਂ ਮੁਤਾਬਕ ਹੁਣ ਨਾਗਰਿਕਾਂ ਨੂੰ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਫਾਰਮ ਭਰਨ ਦੀ ਜ਼ਰੂਰਤ ਨਹੀਂ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੇਵਾਵਾਂ ਦਾ ਲਾਭ ਲੈਣ ਲਈ ਨਾਗਰਿਕ ਆਪਣੀ ਸ਼ਨਾਖਤ ਤੇ ਪਤੇ ਦੇ ਅਸਲ ਸਬੂਤ ਦੇ ਆਧਾਰ ’ਤੇ ਅਤੇ ਸੇਵਾ ਨਾਲ ਸਬੰਧਤ ਦਸਤਾਵੇਜ਼ਾਂ ਨਾਲ ਇਨ੍ਹਾਂ ਸੇਵਾਵਾਂ ਦਾ ਲਾਭ ਲੈ ਸਕਦੇ ਹਨ।

