ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਸਰਦੂਲਗੜ੍ਹ, 14 ਨਵੰਬਰ 2022 : ਨਗਰ ਪੰਚਾਇਤ ਵਲੋਂ ਪ੍ਰਾਪਰਟੀ ਟੈਕਸ ਅਦਾ ਨਾ ਕਰ ਸਕਣ ਵਾਲੇ ਦੁਕਾਨਦਾਰਾਂ ਨੂੰ ਦੁਕਾਨਾਂ ਸੀਲ ਕਰਨ ਦੀ ਦਿੱਤੀ ਗਈ ਚਿਤਾਵਨੀ ਦੀ ਨਿੰਦਾ ਕਰਦੇ ਹੋਏ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਜਟਾਣਾ ਨੇ ਕਿਹਾ ਕਿ ਸਰਕਾਰ ਵੱਡੇ ਵਪਾਰੀਆਂ ਦੇ ਕਰੋੜਾਂ ਰੁਪਿਆਂ ਦੇ ਟੈਕਸ ਮਾਫ ਕਰ ਰਹੀ ਹੈ ਜਦ ਕਿ ਕੋਰੋਨਾ ਮਹਾਂਮਾਰੀ ਕਾਰਨ ਸਰਕਾਰ ਵੱਲੋਂ ਕਈ ਮਹੀਨੇ ਲਗਾਈਆਂ ਪਾਬੰਦੀਆਂ ਨੇ ਦੁਕਾਨਦਾਰਾਂ ਦਾ ਜੀਣਾ ਦੁੱਭਰ ਕਰ ਦਿੱਤਾ ਹੈ ਤੇ ਤਾਲਾਬੰਦੀ ਦੌਰਾਨ ਵਪਾਰੀਆਂ ਨੂੰ ਪਏ ਘਾਟੇ ਨੂੰ ਪੂਰਾ ਕਰਨ ਲਈ ਬਹੁਤ ਸਮਾਂ ਲੱਗੇਗਾ ਸਰਕਾਰ ਨੂੰ ਛੋਟੇ ਵਪਾਰੀਆਂ ਤੇ ਦੁਕਾਨਦਾਰਾਂ ਦੀ ਸਾਰ ਲੈਣੀ ਚਾਹੀਦੀ ਹੈ| ਇਕ ਪਾਸੇ ਤਾਲਾਬੰਦੀ ਦਾ ਘਾਟਾ ਦੂਜੇ ਪਾਸੇ ਮਹਿੰਗਾਈ ‘ਚ ਵਾਧੇ ਨੇ ਵਪਾਰੀਆਂ ਤੋਂ ਰੋਟੀ ਦੀ ਬੁਰਕੀ ਵੀ ਖੋਹ ਲਈ ਹੈ | ਉਨ੍ਹਾਂ ਕਿਹਾ ਕਿ ਪ੍ਰਾਪਰਟੀ ਟੈਕਸ ਸਰਕਾਰ ਦਾ ਹੱਕ ਨਹੀਂ ਬਲਕਿ ਜ਼ਬਰਦਸਤੀ ਥੋਪਿਆ ਗਿਆ ਟੈਕਸ ਹੈ ਕਿਉਂਕਿ ਵਪਾਰੀਆਂ ‘ਤੇ ਜੀ.ਐਸ.ਟੀ. ਲਾਗੂ ਕਰਦੇ ਸਮੇਂ ਪ੍ਰਧਾਨ ਮੰਤਰੀ ਵੱਲੋਂ ਇਹ ਭਰੋਸਾ ਦਿੱਤਾ ਗਿਆ ਸੀ ਕਿ ਜੀ.ਐਸ.ਟੀ. ਤੋਂ ਵਗੈਰ ਵਪਾਰੀਆਂ ਤੋਂ ਹੋਰ ਕੋਈ ਟੈਕਸ ਨਹੀਂ ਵਸੂਲਿਆ ਜਾਵੇਗਾ | ਜਟਾਣਾ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਵਪਾਰੀਆਂ ਦੀਆਂ ਦੁਕਾਨਾਂ ਸੀਲ ਕਰਨ ਦੀ ਬਜਾਏ ਪ੍ਰਾਪਰਟੀ ਟੈਕਸ ਮਾਫ ਕਰਕੇ ਰਾਹਤ ਦਿੱਤੀ ਜਾਵੇ ।











