ਬਿਊਰੋ, ਰਾਹੀਂ ਪੋਸਟ ਪੰਜਾਬ
ਗੁਰਦਾਸਪੁਰ : ਬੀਤੀ 10 ਅਕਤੂਬਰ ਨੂੰ ਘਰੋਂ ਫਰਾਰ ਹੋ ਕੇ ਪ੍ਰੇਮ ਵਿਆਹ ਕਰਵਾ ਕੇ ਆਏ ਪਤੀ-ਪਤਨੀ ਦੀਆਂ ਲਾਸ਼ਾਂ ਖਾਨਪੁਰ ਦੇ ਪਿੰਡ ਮੰਗਪੁਰ ਨੇੜੇ ਰਜਵਾਹਾ ਨੇੜਿਓਂ ਬਰਾਮਦ ਹੋਈਆਂ ਹਨ। ਲਾਸ਼ਾਂ ਨੂੰ ਦੇਖ ਕੇ ਸਾਫ ਪਤਾ ਲੱਗਦਾ ਹੈ ਕਿ ਦੋਹਾਂ ਨੂੰ ਅਣਖ ਦੀ ਖਾਤਰ ਕਤਲ ਕੀਤਾ ਗਿਆ ਹੈ।
ਸੂਤਰਾਂ ਅਨੁਸਾਰ ਜਦੋਂ ਲਾਸ਼ਾਂ ਬਰਾਮਦ ਹੋਈਆਂ ਤਾਂ ਲੋਕਾਂ ਵੱਲੋਂ ਪੁਲਿਸ ਨੂੰ ਸੂਚਿਤ ਕੀਤਾ ਗਿਆ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਲਾਸ਼ਾਂ ਦੇ ਕੋਲ ਪਏ ਇੱਕ ਬੈਗ ਵਿੱਚੋਂ ਮਿਲੇ ਸ਼ਨਾਖਤੀ ਕਾਰਡ ਤੋਂ ਪਤਾ ਲੱਗਿਆ ਕਿ ਮ੍ਰਿਤਕ ਲੜਕੀ ਰੁਖਸਾਨਾ (21) ਅਤੇ ਕਬੀਰ (21) ਸਾਂਗਲਾ ਜ਼ਿਲ੍ਹੇ ਦੇ ਪਿੰਡ ਮੋਹਨਸਰੀਰ ਦਾ ਰਹਿਣ ਵਾਲਾ ਹੈ ਅਤੇ ਬਰਾਮਦ ਕੀਤੇ ਗਏ ਨਿਕਾਹਨਾਮੇ ਅਨੁਸਾਰ ਦੋਵਾਂ ਦਾ 10 ਅਕਤੂਬਰ ਨੂੰ ਵਿਆਹ ਹੋਇਆ ਸੀ ਅਤੇ ਹੁਣ ਅੱਡੀ ਕਲੋਨੀ, ਰਾਵਪਿੰਡੀ ਵਿੱਚ ਰਹਿ ਰਹੇ ਸਨ। ਲਾਸ਼ਾਂ ਦੀ ਹਾਲਤ ਦੇਖ ਕੇ ਪਤਾ ਲੱਗਦਾ ਹੈ ਕਿ ਦੋਵਾਂ ਦਾ ਕਤਲ ਕਰ ਕੇ ਲਾਸ਼ਾਂ ਨਦੀ ‘ਚ ਸੁੱਟ ਦਿੱਤੀਆਂ ਗਈਆਂ ਸਨ। ਪੋਸਟਮਾਰਟਮ ਰਿਪੋਰਟ ਮੁਤਾਬਕ ਦੋਵਾਂ ਦੀ ਹੱਤਿਆ ਗਲਾ ਘੁੱਟ ਕੇ ਕੀਤੀ ਗਈ ਹੈ।
ਜਦੋਂ ਪੁਲਿਸ ਨੇ ਰੁਖਸਾਨਾ ਦੇ ਪਰਿਵਾਰ ਨਾਲ ਸੰਪਰਕ ਕਰਕੇ ਉਸ ਦੀ ਮੌਤ ਬਾਰੇ ਜਾਣਕਾਰੀ ਦਿੱਤੀ ਤਾਂ ਪਰਿਵਾਰ ਨੇ ਕਿਹਾ ਕਿ ਉਨ੍ਹਾਂ ਦਾ ਰੁਖਸਾਨਾ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਪੁਲਿਸ ਮੁਤਾਬਕ ਕਬੀਰ ਦੇ ਪਰਿਵਾਰ ਦਾ ਦੋਸ਼ ਹੈ ਕਿ ਰੁਖਸਾਨਾ ਦੇ ਪਰਿਵਾਰ ਵਾਲਿਆਂ ਨੇ ਦੋਹਾਂ ਦਾ ਕਤਲ ਅਣਖ ਦੀ ਖਾਤਰ ਕੀਤਾ ਹੈ ਕਿਉਂਕਿ ਦੋਵਾਂ ਨੇ ਭੱਜ ਕੇ ਵਿਆਹ ਕਰਵਾ ਲਿਆ ਸੀ। ਰੁਖਸਾਨਾ ਦਾ ਪਰਿਵਾਰ ਇਸ ਵਿਆਹ ਦੇ ਖ਼ਿਲਾਫ਼ ਸੀ।

