ਪੰਜਾਬੀ ਭਾਸ਼ਾ ਦੇਸ਼ ਦੇ ਹਰ ਕੋਨੇ ਵਿੱਚ ਬੋਲੀ ਜਾਂਦੀ ਹੈ,ਜੋ ਮਾਣ ਵਾਲੀ ਗੱਲ ਹੈ- ਡਾ. ਵਿਜੈ ਸਿੰਗਲਾ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 11 ਨਵੰਬਰ 2022 : ਕਿਸੇ ਵੀ ਵਿਅਕਤੀ ਲਈ ਮਾਤ ਭਾਸ਼ਾ ਉਸ ਦੀ ਪਹਿਚਾਣ ਹੁੰਦੀ ਹੈ ਅਤੇ ਸਾਨੂੰ ਮਾਣ ਹੈ ਕਿ ਸਾਡੀ ਮਾਤ ਭਾਸ਼ਾ ਪੰਜਾਬੀ ਦੇਸ਼ ਦੇ ਹਰ ਕੋਨੇ ਵਿੱਚ ਬੋਲੀ ਜਾਂਦੀ ਹੈ ਇਸ ਗੱਲ ਦਾ ਪ੍ਰਗਟਾਵਾ ਮਾਨਸਾ ਹਲਕੇ ਦੇ ਵਿਧਾਇਕ ਡਾ. ਵਿਜੈ ਸਿੰਗਲਾ ਨੇ ਭਾਸ਼ਾ ਵਿਭਾਗ ਮਾਨਸਾ ਵੱਲੋ ਪੰਜਾਬੀ ਮਾਹ ਦੇ ਸੰਬੰਧ ਵਿੱਚ ਕਰਵਾਈ ਗਈ ਚੇਤਨਾ ਰੈਲੀ ਅਤੇ ਸਨਮਾਨ ਸਮਾਰੋਹ ਨੁੰ ਸੰਬੋਧਨ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਪੰਜਾਬੀ ਭਾਸ਼ਾ ਦੇ ਪ੍ਰਚਾਰ ਪ੍ਰਸਾਰ ਹਿੱਤ ਹਰ ਸੰਭਵ ਯਤਨ ਕੀਤੇ ਜਾਣਗੇ। ਉਨ੍ਹਾਂ ਚੇਤਨਾ ਰੈਲੀ ਨੁੰ ਝੰਡੀ ਦੇਕੇ ਵੀ ਰਵਾਨਾ ਕੀਤਾ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਸਮਾਜ ਸੇਵੀ ਅਤੇ ਪੰਜਾਬੀ ਬੋਲੀ ਨੁੰ ਪਿਆਰ ਦੇਣ ਵਾਲੇ ਹਰਪ੍ਰੀਤ ਬਹਿਣੀਵਾਲ ਨੇ ਪੰਜਾਬੀ ਬੋਲੀ ਦੇ ਮਹਤੱਵ ਨੁੰ ਦਰਸਾਉਂਦਿਆਂ ਕਿਹਾ ਕਿ ਮਾਂ ਬੋਲੀ ਸਮਾਜਿਕ ਧਾਰਮਿਕ ਅਤੇ ਇਤਿਹਾਸਕ ਪੱਖ ਤੋਂ ਬਹੁਤ ਅਹਿਮ ਹੁੰਦੀ ਹੈ।
ਜਿਲ੍ਹਾ ਭਾਸ਼ਾ ਅਫਸਰ ਮਾਨਸਾ ਤੇਜਿੰਦਰ ਕੌਰ ਨੇ ਕਿਹਾ ਕਿ ਕਿਸੇ ਵੀ ਰਾਜ ਲਈ ਉਸਦੀ ਭਾਸ਼ਾ ਦਾ ਵਿਸ਼ੇਸ਼ ਮਹੱਤਵ ਹੁੰਦਾ ਹੈ,ਕਿਉਂਕਿ ਉਸ ਖਿੱਤੇ ਦੀ ਪਛਾਣ ਉਸਦੀ ਬੋਲੀ ਤੇ ਸੱਭਿਆਚਾਰ ਹੁੰਦਾ ਹੈ। ਜਿਲ੍ਹਾ ਖੋਜ ਅਫਸਰ ਸ਼ਾਇਰ ਗੁਰਪ੍ਰੀਤ ਨੇ ਕਿਹਾ ਕਿ ਆਪਣੀ ਮਾਂ ਬੋਲੀ ਨੂੰ ਭੁੱਲ ਜਾਣਾ ਦਰਅਸਲ ਅਪਣੇ ਆਪ ਨੂੰ ਗੁਆਉਣਾ ਹੁੰਦਾ ਹੈ।
ਐਸ.ਡੀ. ਕਾਲਜ ਦੇ ਪ੍ਰਿੰਸੀਪਲ ਡਾ. ਮਧੂ ਸ਼ਰਮਾ ਨੇ ਆਏ ਮਹਿਮਾਨਾ ਦਾ ਧੰਨਵਾਦ ਕੀਤਾ ਅਤੇ ਉਹਨਾ ਦੇ ਕਾਲਜ ਵਿਚ ਪ੍ਰੋਗਰਾਮ ਲਈ ਭਾਸ਼ਾ ਵਿਭਾਗ ਦਾ ਧੰਨਵਾਦ ਕੀਤਾ। ਇਸ ਮੌਕੇ ਹੋਰਨਾਂ ਤੋ ਇਲਾਵਾ ਇੰਜੀਨੀਅਰ ਵਿਨੋਦ ਜਿੰਦਲ,ਸਹਾਇਕ ਡਾਇਰੈਕਟਰ ਯੁਵਕ ਸੇਵਾਵਾ ਰਘਵੀਰ ਸਿੰਘ ਮਾਨ, ਨਹਿਰੂ ਯੁਵਾ ਕੇਦਰ ਮਾਨਸਾ ਦੇ ਰਾਜ ਪ੍ਰੋਗਰਾਮ ਸੁਪਰਵਾਈਜ਼ਰ ਡਾ ਸੰਦੀਪ ਘੰਡ, ਹਰਦੀਪ ਸਿੱਧੂ ਸਟੇਟ ਮੀਡੀਆ ਕੋਆਰਡੀਨੇਟਰ, ਪ੍ਰੋ. ਸੁਖਦੀਪ ਸਿੰਘ ਅਤੇ ਪੰਜਾਬੀ ਲੈਕਚਰਾਰ ਸੁਰਿੰਦਰ ਪਾਲ ਨੇ ਵੀ ਸੰਬੋਧਨ ਕੀਤਾ। ਭਾਸ਼ਾ ਵਿਭਾਗ ਵੱਲੋ ਹਰਦੀਪ ਸਿੱਧੂ, ਵਿਨੋਦ ਮਿੱਤਲ, ਸੁਦਰਸ਼ਨ ਕੁਮਾਰ, ਹਰਪ੍ਰੀਤ ਝੇਰਿਆਂਵਾਲੀ, ਜਸਮੀਤ ਬਹਿਣੀਵਾਲ, ਮਹਿੰਦਰਪਾਲ ਬਰੇਟਾ, ਰਾਜੇਸ਼ ਬੁਢਲਾਡਾ, ਗੁਰਜੰਟ ਚਾਹਲ, ਪ੍ਰੋ. ਬਲਜੀਤ ਕੌਰ,ਤਨਵੀਰ ਦਾ ਪੰਜਾਬੀ ਭਾਸ਼ਾ ਵਿੱਚ ਵਿਸ਼ੇਸ਼ ਸਹਿਯੋਗ ਲਈ ਸਨਮਾਨ ਵੀ ਕੀਤਾ ਗਿਆ।











