ਬਿਊਰੋ, ਪ੍ਰਾਈਮ ਪੋਸਟ ਪੰਜਾਬ
ਸਾਹਨੇਵਾਲ : ਥਾਣਾ ਸਾਹਨੇਵਾਲ ਅਧੀਨ ਪੈਂਦੇ ਪਿੰਡ ਜੋਗੀਆਣਾ ਵਿੱਚ ਸਹੁਰੇ ਪਰਿਵਾਰ ਵੱਲੋਂ ਕਥਿਤ ਤੌਰ ’ਤੇ ਆਪਣੇ ਜਵਾਈ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਵਾਈ ਦੀ ਮੌਤ ਤੋਂ ਬਾਅਦ ਪਤਨੀ ਅਤੇ ਸਹੁਰਾ ਫਰਾਰ ਹਨ। ਪੁਲਿਸ ਨੇ ਲਾਸ਼ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਦੋਸ਼ੀ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਪਵਿੱਤਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਦਰਜ ਕਰਵਾਏ ਬਿਆਨਾਂ ‘ਚ ਮ੍ਰਿਤਕ ਦੇ ਪਿਤਾ ਰਜਨੀਸ਼ (32) ਰਾਜਾ ਰਾਮ ਵਾਸੀ ਰਾਘਵਰਮਪੁਰ ਯੂ.ਪੀ. ਨੇ ਦੱਸਿਆ ਕਿ ਉਸ ਦੇ ਲੜਕੇ ਦਾ ਵਿਆਹ ਕਰੀਬ ਢਾਈ ਸਾਲ ਪਹਿਲਾਂ ਪੂਜਾ ਪੁੱਤਰੀ ਸਤੀਰਾਮ ਗੁਜਰਾਏ, ਹਰਦੋਈ, ਯੂ.ਪੀ. ਨਾਲ ਹੋਇਆ ਸੀ।
ਵਿਆਹ ਤੋਂ ਕੁਝ ਸਮੇਂ ਬਾਅਦ ਹੀ ਰਜਨੀਸ਼ ਆਪਣੀ ਪਤਨੀ ਪੂਜਾ ਨਾਲ ਜੋਗੀਆਣਾ ਦੇ ਫਿਰਮੋਜ਼ ‘ਚ ਕਿਰਾਏ ਦੇ ਕਮਰੇ ‘ਚ ਰਹਿਣ ਲੱਗਾ। ਉਸ ਦਾ ਸਹੁਰਾ ਪਰਿਵਾਰ ਵੀ ਨੇੜੇ ਹੀ ਕਿਰਾਏ ’ਤੇ ਰਹਿ ਰਿਹਾ ਸੀ। ਰਜਨੀਸ਼ ਦਾ ਢਾਈ ਮਹੀਨੇ ਦਾ ਬੱਚਾ ਵੀ ਹੈ। ਮ੍ਰਿਤਕ ਦੇ ਪਿਤਾ ਨੇ ਪੁਲਿਸ ਨੂੰ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਰਜਨੀਸ਼ ਦਾ ਸਹੁਰਾ ਪਰਿਵਾਰ ਉਸ ਨੂੰ ਕਾਫੀ ਪ੍ਰੇਸ਼ਾਨ ਕਰ ਰਿਹਾ ਸੀ, ਜਿਸ ਦਾ ਪੰਚਾਇਤੀ ਰਾਜੀਨਾਮਾ ਵੀ ਕਰਵਾਇਆ ਗਿਆ ਸੀ।
6 ਨਵੰਬਰ ਨੂੰ ਸਵੇਰੇ 11-12 ਵਜੇ ਦੇ ਕਰੀਬ ਰਜਨੀਸ਼ ਨੇ ਆਪਣੇ ਪਿਤਾ ਨੂੰ ਫੋਨ ਕਰਕੇ ਦੱਸਿਆ ਕਿ ਉਸ ਦੇ ਸਹੁਰੇ ਨੇ ਉਸ ਦੇ ਹੱਥ ਕੱਪੜੇ ਨਾਲ ਬੰਨ੍ਹ ਕੇ ਜ਼ਬਰਦਸਤੀ ਜ਼ਹਿਰ ਦਾ ਗਿਲਾਸ ਪਿਲਾ ਦਿੱਤਾ ਹੈ, ਜਿਸ ਤੋਂ ਬਾਅਦ ਰਾਜਾ ਰਾਮ ਨੇ ਢੰਡਾਰੀਰਹਿੰਦੇ ਆਪਣੇ ਲੜਕੇ ਨੂੰ ਫੋਨ ਕਰਕੇ ਰਜਨੀਸ਼ ਕੋਲ ਭੇਜਿਆ। ਉਨ੍ਹਾਂ ਤੁਰੰਤ ਰਜਨੀਸ਼ ਨੂੰ ਪਹਿਲੇ ਸਾਹਨੇਵਾਲ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ। ਜਿੱਥੇ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਭੇਜ ਦਿੱਤਾ। ਬੀਤੀ 7 ਨਵੰਬਰ ਨੂੰ ਰਜਨੀਸ਼ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ। ਜਾਂਚ ਅਧਿਕਾਰੀ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਪਿਤਾ ਦੇ ਬਿਆਨਾਂ ‘ਤੇ ਸਹੁਰਾ ਸਤੀ ਰਾਮ, ਜੀਜਾ ਦੀਪੂ, ਸੱਸ ਅਤੇ ਪਤਨੀ ਪੂਜਾ ਅਤੇ ਉਸ ਦੇ ਮਾਮੇ ਦੇ ਲੜਕੇ ਨੂੰ ਗਿ੍ਫ਼ਤਾਰ ਕਰਨ ਲਈ ਮਾਮਲਾ ਦਰਜ ਕਰਕੇ ਕਾਰਵਾਈ ਕੀਤੀ ਜਾ ਰਹੀ ਹੈ। ਕਤਲ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

