ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 8 ਨਵੰਬਰ 2022 : ਮਾਨਸਾ ਡੇਰਾ ਬਾਬਾ ਭਾਈ ਗੁਰਦਾਸ ਦੇ ਕੋਲ ਕੂੜੇ ਦਾ ਬਹੁਤ ਵੱਡਾ ਡੰਪ ਲੋਕਾਂ ਲਈ ਪਿਛਲੇ ਲੰਬੇ ਸਮੇਂ ਤੋਂ ਸਰਾਪ ਬਣਕੇ ਰਹਿ ਗਿਆ ਸੀ । ਜਿਸ ਦੀ ਸਾਫ਼ ਸਫ਼ਾਈ ਲਈ ਪਿਛਲੇ ਲੰਬੇ ਸਮੇਂ ਤੋਂ ਮੌਕੇ ਦੀਆਂ ਸਰਕਾਰਾਂ ਦੇ ਸਭ ਦੇ ਪੱਲੇ ਸਿਰਫ਼ ਗੱਲਾਂ ਹੀ ਨਿਕਲੀਆਂ, ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੀ ਸੱਤਾ ਵਿੱਚ ਆਈ ਹੈ ਤਾਂ ਲੋਕਾਂ ਨੂੰ ਇੱਕ ਆਸ ਜਿਹੀ ਹੋਈ ਕਿ ਹੁਣ ਇਹ ਕੰਮ ਹੋ ਜਾਵੇਗਾ । ਇਸ ਗੰਦਗੀ ਨੂੰ ਸ਼ਹਿਰ ਵਿੱਚੋਂ ਸਾਫ਼ ਕਰਵਾਉਣ ਲਈ ਮਾਨਸਾ ਸੰਘਰਸ਼ ਕਮੇਟੀ ਵੱਲੋਂ ਸੰਘਰਸ਼ ਆਰੰਭਿਆ ਗਿਆ ਸੀ ਤੇ ਅੱਜ ਉਸਨੂੰ ਬੂਰ ਪੈਣਾ ਸ਼ੁਰੂ ਹੋਇਆ ਹੈ।

ਅੱਜ ਮਾਨਸਾ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਚਰਨਜੀਤ ਸਿੰਘ ਅੱਕਾਂਵਾਲੀ ਆਪਣੀ ਟੀਮ ਗੁਰਪ੍ਰੀਤ ਸਿੰਘ ਭੁੱਚਰ ਜਨਰਲ ਸਕੱਤਰ ਆਮ ਆਦਮੀ ਪਾਰਟੀ ਮਾਨਸਾ, ਰਣਦੀਪ ਸ਼ਰਮਾ ਐਡਵੋਕੇਟ, ਕਮਲ ਗੋਇਲ ਐਡਵੋਕੇਟ, ਸੁਨੀਲ ਕੁਮਾਰ ਨੀਨੂੰ ਐਮਸੀ, ਕੁਲਦੀਪ ਟੀਟੂ, ਰਾਜੀਵ ਸਿੰਗਲਾ, ਰਿੰਕਲਪ੍ਰੀਤ ਅਤੇ ਤਰਸੇਮ ਸਿੰਘ ਨਾਲ ਪਹੁੰਚਕੇ ਪਿਛਲੇ ਦੋ ਸਾਲਾਂ ਤੋਂ ਨਗਰ ਕੌਂਸਲ ਵੱਲੋਂ ਕੂੜੇ ਨੂੰ ਸਾਫ ਕਰਨ ਵਾਲੀਆਂ ਮਸ਼ੀਨਾਂ ਜੋ ਬਿਨਾਂ ਵਰਤੇ ਪਈਆਂ ਸਨ, ਨੂੰ ਅੱਜ ਮਾਨਸਾ ਸੰਘਰਸ਼ ਕਮੇਟੀ , ਡਿਪਟੀ ਕਮਿਸ਼ਨਰ ਮਾਨਸਾ ਅਤੇ ਆਮ ਆਦਮੀ ਪਾਰਟੀ ਦੀ ਪੂਰੀ ਮਾਨਸਾ ਟੀਮ ਦੇ ਯਤਨਾਂ ਸਦਕਾ ਚਾਲੂ ਕਰ ਦਿੱਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਮਾਨਸਾ ਸੰਘਰਸ਼ ਕਮੇਟੀ ਦੇ ਆਗੂ ਬਾਬਾ ਭਾਈ ਗੁਰਦਾਸ ਦੇ ਮਹੰਤ ਅੰਮ੍ਰਿਤ ਮੁਨੀ ਅਤੇ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਮਾਨਸਾ ਦੇ ਡਿਪਟੀ ਕਮਿਸ਼ਨਰ ਅਤੇ ਮਾਨਸਾ ਜਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਨਿੱਜੀ ਦਿਲਚਸਪੀ ਲੈ ਕੇ ਇੰਨ੍ਹਾਂ ਮਸ਼ੀਨਾਂ ਨੂੰ ਚਾਲੂ ਕਰਵਾਇਆ।
ਇਸ ਸਮੇਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਮਨਦੀਪ ਸਿੰਘ ਗੋਰਾ ਅਤੇ ਕਾਮਰੇਡ ਕ੍ਰਿਸ਼ਨ ਚੌਹਾਨ ਨੇ ਕਿਹਾ ਕਿ ਪਿਛਲੇ ਕੁੱਝ ਸਮੇਂ ਤੋਂ ਸੰਘਰਸ਼ ਕਮੇਟੀ ਵੱਲੋਂ ਭਾਈ ਗੁਰਦਾਸ ਦੇ ਟੋਭੇ ਦੇ ਕੂੜੇ ਦੇ ਮਸਲੇ ਦੇ ਹੱਲ ਲਈ ਨੈਸ਼ਨਲ ਗ੍ਰੀਨ ਟ੍ਰਿਬਿਊਨਲ, ਪੰਜਾਬ ਸਰਕਾਰ ਅਤੇ ਜਿਲ੍ਹਾ ਪ੍ਰਸ਼ਾਸਨ ਕੋਲ ਚਾਰਾਜੋਈ ਕੀਤੀ ਜਾ ਰਹੀ ਸੀ ਜਿਸ ਅਧੀਨ ਭਾਈ ਗੁਰਦਾਸ ਦੇ ਮੁੱਖੀ ਮਹੰਤ ਅੰਮ੍ਰਿਤ ਮੁਨੀ ਵੱਲੋਂ ਭਾਈ ਬਲਵੀਰ ਸਿੰਘ ਸੀਂਚੇਵਾਲ ਅਤੇ ਐਨਜੀਟੀ ਦੀਆਂ ਟੀਮਾਂ ਨੂੰ ਬੁਲਾਇਆ ਗਿਆ ਸੀ ਅਤੇ ਮੌਕਾ ਦਿਖਾਇਆ ਗਿਆ ਸੀ।
ਇਸ ਮੌਕੇ ਗੁਰਲਾਭ ਸਿੰਘ ਮਾਹਲ ਅਤੇ ਨਵਨੀਤ ਸਿੰਗਲਾ ਐਡਵੋਕੇਟ ਵੱਲੋਂ ਐਨਜੀਟੀ ਨੂੰ ਲਿਖਤੀ ਸ਼ਿਕਾਇਤ ਕਾਨੂੰਨੀ ਰੂਪ ਵਿੱਚ ਤਿਆਰ ਕਰਕੇ ਇਸ ਕੂੜੇ ਦੇ ਹੱਲ ਲਈ ਦਿੱਤੀ ਗਈ ਸੀ ਅਤੇ ਇਸਤੋਂ ਇਲਾਵਾ ਮਾਨਸਾ ਸੰਘਰਸ਼ ਕਮੇਟੀ ਦੇ ਬੈਨਰ ਹੇਠ ਇਸ ਮਸਲੇ ਦੇ ਹੱਲ ਲਈ ਸ਼ਹਿਰ ਵਾਸੀਆਂ ਦੇ ਕਈ ਇਕੱਠ ਕੀਤੇ ਗਏ ਸਨ ਜਿਸ ਦੇ ਫਲ ਸਰੂਪ ਜਿਥੇ ਪਹਿਲਾਂ ਸਾਢੇ ਚਾਰ ਕਰੋੜ ਦੇ ਕਰੀਬ ਫੰਡ ਇਸ ਕੂੜੇ ਦੇ ਮਸਲੇ ਦੇ ਹੱਲ ਲਈ ਆਇਆ ਜੋ ਕਿ ਪੰਜਾਬ ਸਰਕਾਰ, ਜਿਲ੍ਹਾ ਪ੍ਰਸ਼ਾਸਨ ਅਤੇ ਜਿਲ੍ਹਾ ਯੋਜਨਾਂ ਬੋਰਡ ਦੇ ਯਤਨਾਂ ਸਦਕਾ ਆਇਆ ਅਤੇ ਜਦ ਨਗਰ ਕੌਂਸਲ ਦੇ ਪ੍ਰਧਾਨ ਮਨਦੀਪ ਗੋਰਾ ਸਨ, ਉਨ੍ਹਾਂ ਦੇ ਸਮੇਂ ਆਈਆਂ ਕੂੜਾ ਸਾਫ ਕਰਨ ਵਾਲੀਆਂ ਮਸ਼ੀਨਾਂ ਨੂੰ ਅੱਜ ਪ੍ਰਸ਼ਾਸਨ ਵੱਲੋਂ ਚਾਲੂ ਕਰ ਦਿੱਤਾ ਗਿਆ ਜਿਸਤੇ ਮਾਨਸਾ ਸ਼ਹਿਰ ਵਾਸੀਆਂ ਦੇ ਵਿੱਚ ਖੁਸ਼ੀ ਪਾਈ ਜਾ ਰਹੀ ਹੈ।

