ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 6 ਨਵੰਬਰ 2022 : ਦਿੱਲੀ ਤੋਂ ਆਈ ਵਾਟਰਏਡ ਦੀ ਟੀਮ ਵੱਲੋਂ ਜਿਲਾ ਮਾਨਸਾ ਦਾ ਦੋਰਾ ਕੀਤਾ ਗਿਆ, ਜਿਸ ਵਿੱਚ ਸ਼੍ਰੀ ਸ਼੍ਰੀਕਾਂਤ ਨਾਵਰੇਕਰ ਕੰਨਸਲਟੈਂਟ ਅਤੇ ਮਿਸ ਅੰਜਲੀ ਰੇ ਤਕਨੀਕੀ ਕੰਨਸਲਟੈਂਟ ਸ਼ਾਮਿਲ ਸਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਕੋਆਰਡੀਨੇਟਰ ਮਨਰੇਗਾ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਟੀਮ ਵੱਲੋਂ ਜ਼ਿਲਾ ਮਾਨਸਾ ਦੇ ਪਿੰਡਾਂ ਹੀਰੋ ਕਲਾਂ, ਖੀਵਾ ਖੁਰਦ, ਮਲਕਪੁਰ ਖਿਆਲਾ, ਬਰਨਾਲਾ ਅਤੇ ਬੁਰਜ ਹਰੀ ਦਾ ਦੌਰਾ ਕੀਤਾ ਗਿਆ ਅਤੇ ਥਾਪਰ ਮਾਡਲ ਪੌਡ, ਸਕੂਲਾਂ ਵਿੱਚ ਸੋਕ ਪਿਟ, ਵਿਅਕਤੀਗਤ ਘਰਾਂ ਵਿੱਚ ਸੋਕ ਪਿਟ ਆਦਿ ਕੰਮ ਚੈਕ ਕੀਤੇ ਗਏ। ਇਹ ਕੰਮ ਮਗਨਰੇਗਾ ਸਕੀਮ, 15ਵਾਂ ਵਿੱਤ ਕਮਿਸ਼ਨ ਅਤੇ ਐਸ.ਬੀ.ਐਮ. ਦੇ ਫੰਡਾਂ ਤਹਿਤ ਕਰਵਾਏ ਗਏ ਸਨ।
ਉਨਾਂ ਦੱਸਿਆ ਕਿ ਟੀਮ ਵੱਲੋਂ ਮੌਕੇ ’ਤੇ ਮੋਜੂਦ ਸਰਪੰਚਾਂ, ਪੰਚਾਇਤ ਮੈਂਬਰਾਂ, ਸਕੂਲ ਦੇ ਟੀਚਰਾਂ ਅਤੇ ਬੱਚਿਆ ਅਤੇ ਆਮ ਲੋਕਾਂ ਨਾਲ ਕੰਮਾਂ ਸਬੰਧੀ ਗੱਲਬਾਤ ਕੀਤੀ ਅਤੇ ਉਹਨਾਂ ਤੋਂ ਪ੍ਰੋਜੈਕਟ ਲਾਗੂ ਕਰਨ ਤੋਂ ਲੈਕੇ ਮੁਕੰਮਲ ਹੋਣ ਅਤੇ ਪ੍ਰੋਜੈਕਟਾਂ ਤੋਂ ਹੋ ਰਹੇ ਫਾਇਦਿਆਂ ਸਬੰਧੀ ਜਾਣਕਾਰੀ ਇਕੱਠੀ ਕੀਤੀ।ਟੀਮ ਵੱਲੋਂ ਕੰਮਾਂ ਦੇ ਲੈ-ਆਊਟ, ਫਾਇਲਾਂ, ਪਹਿਲਾਂ ਅਤੇ ਹੁਣ ਦੀਆਂ ਫੋਟੋਆਂ ਅਤੇ ਹੋਰ ਦਸਤਾਵੇਜ ਵੀ ਚੈਕ ਕੀਤੇ ਗਏ।
ਉਨਾਂ ਦੱਸਿਆ ਕਿ ਟੀਮ ਵੱਲੋਂ ਕੰਮ ਅਤੇ ਰਿਕਾਰਡ ਚੈਕ ਕਰਨ ਉਪਰੰਤ ਜ਼ਿਲਾ ਮਾਨਸਾ ਵੱਲੋਂ ਪਾਣੀ ਬਚਾਉਣ ਸਬੰਧੀ ਲਏ ਜਾ ਰਹੇ ਕੰਮਾਂ ਦੀ ਸ਼ਲਾਘਾ ਕੀਤੀ। ਟੀਮ ਵੱਲੋਂ ਦੱਸਿਆ ਗਿਆ ਕਿ ਜੋ ਕੰਮ ਚੈਕ ਕੀਤੇ ਗਏ ਹਨ, ਉਹਨਾਂ ਕੰਮਾਂ ਦੀਆਂ ਰਿਪੋਰਟਾਂ ਅਤੇ ਫੋਟੋਆਂ ਨੂੰ ਭਾਰਤ ਸਰਕਾਰ ਦੇ ਜਲਸ਼ਕਤੀ ਮੰਤਰਾਲੇ ਨੂੰ ਭੇਜਿਆ ਜਾਵੇਗਾ, ਤਾਂ ਜੋ ਇਹਨਾਂ ਕੰਮਾਂ ਨੂੰ ਸਕਸੈਸ ਸਟੋਰੀ ਦੇ ਤੌਰ ’ਤੇ ਵਰਤਿਆ ਜਾ ਸਕੇ ਅਤੇ ਹੋਰਾਂ ਸੂਬਿਆਂ ਨੂੰ ਵੀ ਇਸ ਤੋਂ ਜਾਣਕਾਰੀ ਪ੍ਰਾਪਤ ਹੋਵੇ।
ਇਸ ਮੌਕੇ ਕਰਮਜੀਤ ਸਿੰਘ, ਭੂਸਣ ਐਸ.ਡੀ.ਓ.ਵਾਟਰ ਸਪਲਾਈ ਤੋਂ ਇਲਾਵਾ ਬਲਾਕ ਦਫ਼ਤਰ ਭੀਖੀ ਅਤੇ ਮਾਨਸਾ ਦਾ ਸਟਾਫ ਹਾਜ਼ਰ ਸਨ।

