ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਹੁਣ ਤੱਕ 10,835 ਖਾਤੇ ਖੁਲ੍ਹਵਾਏ-ਡਿਪਟੀ ਕਮਿਸ਼ਨਰ
ਸੰਜੀਵ ਜਿੰਦਲ ( Prime Post Punjab )
ਮਾਨਸਾ, 1 ਨਵੰਬਰ 2022 :ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸੁਕੰਨਿਆ ਸਮਰਿਧੀ ਯੋਜਨਾ ਅਧੀਨ ਬੱਚੀਆਂ ਦੇ ਵੱਧ ਤੋਂ ਵੱਧ ਖਾਤੇ ਖੁਲ੍ਹਵਾਉਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਸਿੱਖਿਆ ਵਿਭਾਗ, ਪੋਸਟ ਆਫਿਸ ਕਰਮਚਾਰੀਆਂ, ਸੀ.ਡੀ.ਪੀ.ਓ. ਅਤੇ ਆਂਗਣਵਾੜੀ ਵਰਕਰਾਂ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਡਿਪਟੀ ਕਮਿਸ਼ਨਰ ਸ੍ਰੀਮਤੀ ਬਲਦੀਪ ਕੌਰ ਨੇ ਦੱਸਿਆ ਕਿ ਪ੍ਰੋਜੈਕਟ ਬੁਨਿਆਦ ਦਾ ਉਦੇਸ਼ ਆਂਗਣਵਾੜੀ ਕੇਂਦਰਾਂ ਅਤੇ ਸਕੂਲਾਂ ਵਿਚ ਪੜ੍ਹ ਰਹੀਆਂ ਲੜਕੀਆਂ ਦੇ ਮਾਪਿਆਂ ਨੂੰ ਖਾਤੇ ਖੁਲ੍ਹਵਾਉਣ ਲਈ ਪ੍ਰੇਰਿਤ ਕਰਨਾ ਹੈ, ਜਿਸ ਤਹਿਤ ਹੁਣ ਤੱਕ ਕੁੱਲ 10,835 ਖਾਤੇ ਖੁਲਵਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸੁਕੰਨਿਆ ਸਮ੍ਰਿਧੀ ਸਕੀਮ ਤਹਿਤ ਖੁਲ੍ਹਵਾਏ ਖਾਤੇ ਬੇਟੀਆਂ ਨੂੰ ਸੁਰੱਖਿਅਤ ਭਵਿੱਖ ਦੇਣ ਵਿਚ ਸਹਾਈ ਹੋਣਗੇ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ.ਬੈਨਿਥ ਨੇ ਦੱਸਿਆ ਕਿ ਸੁਕੰਨਿਆ ਸਮ੍ਰਿਧੀ ਯੋਜਨਾ ਤਹਿਤ ਲੜਕੀਆਂ ਦੇ ਖਾਤੇ ਖੁਲ੍ਹਵਾਉਣ ਦਾ ਉਦੇਸ਼ ਹੈ ਕਿ 18 ਸਾਲ ਦੀ ਉਮਰ ਤੋਂ ਬਾਅਦ ਉਚੇਰੀ ਪੜ੍ਹਾਈ ਲਈ ਲੜਕੀਆਂ ਉਨ੍ਹਾਂ ਦੇ ਮਾਪਿਆਂ ਨੂੰ ਬੋਝ ਨਾ ਲੱਗਣ ਬਲਕਿ ਉਹ ਸਵੈਨਿਰਭਰ ਹੋ ਕੇ ਆਪਣੇ ਇਸ ਖਾਤੇ ਵਿਚ ਕੀਤੀ ਬੱਚਤ ਰਾਸ਼ੀ ਨੂੰ ਆਪਣੀ ਪੜ੍ਹਾਈ ਲਈ ਵਰਤ ਸਕਣ।
ਉਨ੍ਹਾਂ ਦੱਸਿਆ ਕਿ ਇਹ ਪ੍ਰੋਜੈਕਟ 20 ਜੁਲਾਈ 2022 ਨੂੰ ਸ਼ੁਰੂ ਹੋਇਆ ਅਤੇ 15 ਅਗਸਤ 2022 ਤੱਕ ਚਲਾਇਆ ਗਿਆ ਸੀ। ਆਂਗਣਵਾੜੀ ਵਰਕਰ, ਪ੍ਰਿੰਸੀਪਲ, ਪੋਸਟ ਮਾਸਟਰਾਂ ਦੇ ਸਹਿਯੋਗ ਨਾਲ ਬੈਂਕਾਂ ਅਤੇ ਡਾਕਖਾਨਿਆਂ ਵਿਚ ਇਹ ਖਾਤੇ ਖੁਲਵਾਏ ਗਏ ਹਨ। ਉਨ੍ਹਾਂ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ, ਜ਼ਿਲ੍ਹਾ ਸਿੱਖਿਆ ਅਫ਼ਸਰ, ਸੁਪਰਡੰਟ ਪੋਸਟ ਆਫਿਸ ਵੱਲੋਂ ਆਪਣੇ ਕਰਮਚਾਰੀਆਂ ਨੂੰ ਪ੍ਰੇਰਿਤ ਕਰਨ ਲਈ ਕਿਹਾ ਤਾਂ ਜੋ ਆਮ ਲੋਕਾਂ ਨੂੰ ਇਸ ਸਕੀਮ ਬਾਰੇ ਜਾਗਰੂਕ ਕੀਤਾ ਜਾ ਸਕੇ।ਇਸ ਮੌਕੇ ਐਸ.ਡੀ.ਐਮ. ਸਰਦੂਲਗੜ੍ਹ ਪੂਨਮ ਸਿੰਘ, ਐਸ.ਡੀ.ਐਮ. ਬੁਢਲਾਡਾ ਪ੍ਰਮੋਦ ਸਿੰਗਲਾ, ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪ੍ਰਦੀਪ ਸਿੰਘ ਗਿੱਲ ਤੋਂ ਇਲਾਵਾ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।
ਇਸ ਦੌਰਾਨ ਮੱਖਣ ਸਿੰਘ ਸਬ ਪੋਸਟ ਮਾਸਟਰ, ਗੁਰਜੀਤ ਕੌਰ ਸਬ ਪੋਸਟ ਮਾਸਟਰ, ਸੰਦੀਪ ਸਿੰਘ ਬਰਾਂਚ ਪੋਸਟ ਮਾਸਟਰ, ਮਿਸ ਪ੍ਰੀਤਮ ਕੌਰ ਬਰਾਂਚ ਪੋਸਟ ਮਾਸਟਰ, ਜਸਮੇਰ ਸਿੰਘ ਮੁੱਖ ਅਧਿਆਪਕ, ਸਿਮਰਤ ਕੌਰ ਮੁੱਖ ਅਧਿਆਪਕ, ਰਾਜਪਾਲ ਮੁੱਖ ਅਧਿਆਪਕ, ਅਮਨਦੀਪ ਸਿੰਘ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ, ਨਿਰਮਲਾ ਰਾਣੀ ਸੀ.ਡੀ.ਪੀ.ਓ., ਕਾਂਤਾ ਦੇਵੀ ਆਂਗਣਵਾੜੀ ਵਰਕਰ, ਮਨਜੀਤ ਕੌਰ ਆਂਗਣਵਾੜੀ ਵਰਕਰ, ਮਲਕੀਤ ਕੌਰ ਆਂਗਣਵਾੜੀ ਵਰਕਰ ਨੂੰ ਸੁਕੰਨਿਆ ਸਮ੍ਰਿਧੀ ਯੋਜਨਾ ਅਧੀਨ ਵੱਧ ਤੋਂ ਵੱਧ ਬੱਚੀਆਂ ਦੇ ਖਾਤੇ ਖੁਲਵਾਉਣ ਲਈ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।

