ਬਿਊਰੋ, ਪ੍ਰਾਈਮ ਪੋਸਟ ਪੰਜਾਬ
ਫਰੀਦਕੋਟ, 17 ਅਕਤੂਬਰ 2022 : ਹਮੇਸ਼ਾ ਵਿਵਾਦਾਂ ਚ ਘਿਰੀ ਰਹਿਣ ਵਾਲੀ ਫਰੀਦਕੋਟ ਦੀ ਮਾਡਰਨ ਜ਼ੇਲ੍ਹ ਇੱਕ ਵਾਰ ਫਿਰ ਚਰਚਾ ‘ਚ ਆਈ ਹੈ। ਜਦੋ ਜੇਲ੍ਹ ਅੰਦਰ ਚੱਲੇ ਤਲਾਸ਼ੀ ਅਭਿਆਨ ਦੌਰਾਨ 4 ਹਵਾਲਾਤੀਆ ਕੋਲੋ 2 ਮੋਬਾਇਲ ਫੋਨ ਬਰਾਮਦ ਕੀਤੇ ਗਏ। ਜਦਕਿ 4 ਮੋਬਾਇਲ ਫੋਨ ਲਾਵਾਰਿਸ ਹਾਲਤ ਚ ਬਰਾਮਦ ਕੀਤੇ ਗਏ।

ਜਿਸ ਤੋਂ ਬਾਅਦ ਜ਼ੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ‘ਤੇ ਚਾਰ ਹਵਾਲਾਤੀਆਂ ਖਿਲਾਫ ਮਾਮਲਾ ਦਰਜ਼ ਕਰ ਲਿਆ ਗਿਆ ਹੈ। ਗੌਰਤਲਬ ਹੈ ਕੇ ਇਨ੍ਹਾਂ ਚਾਰ ਹਵਾਲਾਤੀਆ ‘ਚ ਇੱਕ ਹਵਾਲਾਤੀ ਉਹ ਵੀ ਹੈ, ਜਿਸ ਤੇ ਆਰੋਪ ਲੱਗੇ ਹਨ ਕਿ ਉਸ ਵੱਲੋਂ ਹਾਈਕੋਰਟ ਦੇ ਆਪਣੇ ਵਕੀਲ ਨੂੰ ਜੇਲ ਅੰਦਰੋਂ ਹੀ ਜਾਨੋ ਮਾਰਨ ਦੀ ਧਮਕੀ ਦਿੱਤੀ ਗਈ ਸੀ। ਜਿਸ ਨੂੰ ਲੈਕੇ ਹਾਈਕੋਰਟ ਦੇ ਵਕੀਲ ਵੱਲੋਂ ਅੰਬਾਲਾ (ਹਰਿਆਣਾ) ਵਿਖੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ਼ ਕਰਵਾਈ ਜਾ ਚੁੱਕੀ ਹੈ। ਜਾਣਕਾਰੀ ਮੁਤਾਬਕ ਉਕਤ ਕੈਦੀ ਖਿਲਾਫ 2021 ਚ ਫਰੀਦਕੋਟ ਵਿਖੇ NDPS ਐਕਟ ਤਹਿਤ ਮਾਮਲਾ ਦਰਜ਼ ਹੈ। ਜਿਸ ਵੱਲੋਂ ਆਪਣੇ ਵਕੀਲ ਜਰੀਏ ਹਾਈਕੋਰਟ ਚ ਜ਼ਮਾਨਤ ਅਰਜ਼ੀ ਲਗਾਈ ਗਈ ਸੀ। ਪਰ ਦੋ ਵਾਰ ਉਸ ਦੀ ਜ਼ਮਾਨਤ ਅਰਜ਼ੀ ਖਾਰਜ ਹੋਣ ਤੋਂ ਬਾਅਦ ਉਸ ਵੱਲੋਂ ਆਪਣੇ ਵਕੀਲ ਨੂੰ ਜਾਨੋ ਮਾਰਨ ਦੀ ਧਮਕੀ ਤੱਕ ਦੇ ਦਿੱਤੀ।
ਇਸ ਮਾਮਲੇ ਚ ਥਾਣਾ ਮੁਖੀ ਸੰਦੀਪ ਸਿੰਘ ਨੇ ਦੱਸਿਆ ਕੇ ਜੇਲ੍ਹ ਪ੍ਰਸ਼ਾਸ਼ਨ ਦੀ ਸ਼ਿਕਾਇਤ ਤੇ ਚਾਰ ਹਵਾਲਾਤੀਆਂ ਖਿਲਾਫ ਮਾਮਲਾ ਦਰਜ਼ ਕੀਤਾ ਗਿਆ ਹੈ। ਜਿਨ੍ਹਾਂ ਕੋਲੋਂ ਦੋ ਮੋਬਾਇਲ ਫ਼ੋਨ ਬਰਾਮਦ ਕੀਤੇ ਗਏ ਹਨ। ਜਦੋਂ ਕਿ ਚਾਰ ਮੋਬਾਇਲ ਫੋਨ ਲਾਵਾਰਿਸ ਹਾਲਤ ਚ ਮਿਲੇ ਹਨ। ਜਿਨ੍ਹਾਂ ਸਬੰਧੀ ਵੀ ਜਾਂਚ ਕੀਤੀ ਜਾ ਰਹੀ ਹੈ।

