ਭਾਈ ਗੁਰਦਾਸ ਦੇ ਟੋਭੇ ਦੀ ਸਾਫ਼ ਸਫ਼ਾਈ ਅਤੇ ਗੰਦੇ ਪਾਣੀ ਦੇ ਪੱਕੇ ਹੱਲ ਲਈ ਰੱਖਿਆ ਮਾਨਸਾ ਵਾਸੀਆਂ ਦਾ ਪੱਖ : ਸੰਘਰਸ਼ ਕਮੇਟੀ ਮਾਨਸਾ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 7 ਅਕਤੂਬਰ 2022 : ਸਥਾਨਕ ਸ਼ਹਿਰ ਦੇ ਚਰਚਿਤ ਟੋਭੇ ਦੀ ਸਫ਼ਾਈ ਨਾ ਹੋਣ ਅਤੇ ਗੰਦੇ ਪਾਣੀ ਸੰਬੰਧੀ ਨੈਸ਼ਨਲ ਗਰੀਨ ਟ੍ਰਿਬਿਊਨਲ ਦੀ ਸਰਵੇ ਟੀਮ ਸਾਬਕਾ ਜੱਜ ਜਸਬੀਰ ਸਿੰਘ ਵਾਤਾਵਰਣ ਪ੍ਰੇਮੀ , ਮੈਂਬਰ ਰਾਜ ਸਭਾ ਅਤੇ ਉਘੇ ਸਮਾਜ ਸੇਵੀ ਸੰਤ ਬਲਵੀਰ ਸਿੰਘ ਸੀਚੇਵਾਲ ਆਦਿ ਦੀ ਟੀਮ ਵੱਲੋਂ ਵਿਸ਼ੇਸ਼ ਸਰਵੇ ਕੀਤਾ ਗਿਆ ਇਸ ਸਬੰਧੀ ਸ਼ਹਿਰ ਦੇ ਸੀਵਰੇਜ਼ ਪਾਣੀ ਦੇ ਨਿਕਾਸ ਨਾ ਹੋਣ ਸਬੰਧੀ ਡੇਰਾ ਬਾਬਾ ਭਾਈ ਗੁਰਦਾਸ ਦੇ ਪ੍ਰਮੁੱਖ ਮਹੰਤ ਅੰਮ੍ਰਿਤ ਮੁਨੀ, ਐਡਵੋਕੇਟ ਗੁਰਲਾਭ ਸਿੰਘ ਮਾਹਲ , ਮਨਦੀਪ ਗੋਰਾ, ਡਾ. ਧੰਨਾ ਮੱਲ ਗੋਇਲ, ਕਾਮਰੇਡ ਕ੍ਰਿਸ਼ਨ ਚੌਹਾਨ , ਐਡਵੋਕੇਟ ਨਵਨੀਤ ਕੁਮਾਰ ਸਿੰਗਲਾ ਆਦਿ ਮਾਨਸਾ ਸੰਘਰਸ਼ ਕਮੇਟੀ ਆਗੂਆਂ ਵਲੋਂ ਕੂੜੇ ਦੇ ਡੰਪ ਚੁਕਵਾਉਣ ਸਬੰਧੀ ਪੰਜਾਬ ਸਰਕਾਰ ਦੇ ਚੀਫ ਸੈਕਟਰੀ ਅਤੇ ਡਿਪਟੀ ਕਮਿਸ਼ਨਰ ਮਾਨਸਾ ਨੂੰ ਜਵਾਬ ਦੇਹ ਬਨਾਉਣ ਲਈ ਦਰਖ਼ਾਸਤ ਦਿੱਤੀ ਗਈ ਅਤੇ ਮੰਗ ਕੀਤੀ ਕਿ ਸ਼ਹਿਰ ਦੇ ਸੀਵਰੇਜ ਦਾ ਪਾਣੀ ਬਣਾਂਵਾਲੀ ਥਰਮਲ ਪਲਾਂਟ , ਮਾਨਸਾ ਸੀਵਰੇਜ ਦਾ ਪਾਣੀ ਆਪਣੇ ਖਰਚੇ ਉਂਪਰ ਪਾਣੀ ਵਰਤੋਂ ਵਿੱਚ ਨਹੀਂ ਲਿਆ ਰਿਹਾ । ਧਰਤੀ ਹੇਠਲਾ ਅਤੇ ਨਹਿਰੀ ਪਾਣੀ ਦੀ ਵਰਤੋਂ ਤੇ ਰੋਕ ਲਾਈ ਜਾਵੇ ।

ਆਗੂਆਂ ਨੇ ਕਿਹਾ ਕਿ ਟੈਰਿਫ ਪਾਲਸੀ 2006 ਨੂੰ ਲਾਗੂ ਕਰਕੇ ਪ੍ਰਾਈਵੇਟ ਥਰਮਲ ਪਲਾਂਟ ਵੱਲੋਂ ਵਰਤੇ ਜਾਂਦੇ ਨਹਿਰੀ ਅਤੇ ਧਰਤੀ ਹੇਠਲੇ ਪਾਣੀ ਦੀ ਵਰਤੋਂ ਨੂੰ ਤੁਰੰਤ ਪੰਜਾਬ ਸਰਕਾਰ ਬੰਦ ਕਰੇ ਕੇਂਦਰ ਸਰਕਾਰ ਅਤੇ ਕੇਂਦਰੀ ਬਿਜਲੀ ਵਿਭਾਗ ਵੱਲੋਂ 22 /11/2017 ਨੂੰ ਪੰਜਾਬ ਸਰਕਾਰ ਨੂੰ ਪੱਤਰ ਜਾਰੀ ਕੀਤਾ ਸੀ ਜਿਸ ਵਿੱਚ ਕੇਂਦਰ ਸਰਕਾਰ ਨੇ ਹਦਾਇਤ ਕੀਤੀ ਸੀ ਕਿ ਪੰਜਾਬ ਸਰਕਾਰ ਇਹ ਗੱਲ ਯਕੀਨੀ ਬਣਾਵੇ ਕਿ ਥਰਮਲ ਪਲਾਂਟ ਆਪਣੇ 50 ਕਿਲੋਮੀਟਰ ਦੇ ਦਾਇਰੇ ਵਿੱਚ ਆਉਂਦੇ ਸੀਵਰੇਜ ਪਲਾਟਾਂ ਦੇ ਪਾਣੀ ਨੂੰ ਹੀ ਵਰਤਣ ਪਰ ਇਸ ਪੱਤਰ ਨੂੰ ਪੰਜਾਬ ਸਰਕਾਰ ਨੇ ਠੰਢੇ ਬਸਤੇ ਵਿੱਚ ਪਾ ਰੱਖਿਆ ਹੈ । ਇਹ ਥਰਮਲ ਪਲਾਂਟ ਨਹਿਰੀ ਅਤੇ ਧਰਤੀ ਹੇਠਲੇ ਪਾਣੀ ਨੂੰ ਧੜੱਲੇ ਨਾਲ ਵਰਤ ਰਹੇ ਹਨ ਪਰ ਇਹਨਾਂ ਥਰਮਲ ਪਲਾਟਾਂ ਨੇ ਸੀਵਰੇਜ ਦਾ ਪਾਣੀ ਹੀ ਆਪਣੇ ਨਿੱਜੀ ਖਰਚੇ ਉਂਪਰ ਲਿਜਾ ਕੇ ਵਰਤਣਾ ਹੁੰਦਾ ਹੈ ।
ਪਹਿਲਾਂ ਵੀ ਕਈ ਵਾਰ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਹੈ। ਸੋ ਆਗੂਆਂ ਨੇ ਨੈਸ਼ਨਲ ਗਰੀਨ ਟ੍ਰਿਬਿਊਨਲ ਤੋਂ ਪੁਰਜ਼ੋਰ ਮੰਗ ਕਰਦਿਆਂ ਕਿਹਾ ਕਿ ਮਾਨਸਾ ਸ਼ਹਿਰ ਨਿਵਾਸੀਆਂ ਨੂੰ ਟੋਭੇ ਵਿੱਚ ਖੜ੍ਹੇ ਗੰਦੇ ਪਾਣੀ ਅਤੇ ਘਾਤਕ ਬਿਮਾਰੀਆਂ ਫੈਲਾ ਰਹੇ ਗੰਦ ਦੇ ਢੇਰਾਂ ਤੋਂ ਨਿਜ਼ਾਤ ਦਿਵਾਈ ਜਾਵੇ ।ਇਸ ਮੌਕੇ ਬਿੱਕਰ ਮਘਾਣੀਆਂ , ਅਮਰਜੀਤ ਖੋਖਰ ਆਦਿ ਆਗੂ ਹਾਜਰ ਸਨ।

