ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 2 ਅਕਤੂਬਰ 2022 : ਸਿੱਧੂ ਮੂਸੇਵਾਲਾ ਦੀ ਮੌਤ ਨੂੰ ਭਾਵੇਂ 4 ਮਹੀਨੇ ਹੋ ਗਏ ਹਨ ਪਰ ਫਿਰ ਵੀ ਉਨ੍ਹਾਂ ਦਾ ਨਾਂ ਕਿਸੇ ਨਾ ਕਿਸੇ ਕਾਰਨ ਸੁਰਖੀਆਂ `ਚ ਬਣਿਆ ਰਹਿੰਦਾ ਹੈ। ਬੀਤੇ ਦਿਨੀਂ ਸਿੱਧੂ ਮੂਸੇਵਾਲਾ ਨੂੰ ਯੂਟਿਊਬ ਨੇ ਸਭ ਤੋਂ ਜ਼ਿਆਦਾ ਗਾਣੇ ਚੱਲਣ ਤੇ ਇਕ ਕਰੋੜ ਤੋਂ ਉੱਪਰ ਸਬਸਕ੍ਰਾਈਬਰ ਹੋਣ ‘ਤੇ ਸਨਮਾਨ ਵਜੋਂ ਡਾਇਮੰਡ ਪਲੇਅ ਬਟਨ ਦਿੱਤਾ ਸੀ। ਜਿਸ ਤੋਂ ਬਾਅਦ ਹੁਣ ਸਿੱਧੂ ਮੂਸੇਵਾਲਾ ਦੇ ਪਿਤ ਬਲਕੌਰ ਸਿੰਘ ਵੱਲੋਂ ਇਸ ਡਾਇਮੰਡ ਪਲੇਅ ਬਟਨ ਦੀ ਫੋਟੋ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਜਿਸ ‘ਚ ਸਿੱਧੂ ਮੂਸੇਵਾਲਾ ਨੂੰ ਮਿਲਿਆ ਡਾਇਮੰਡ ਬਟਨ ਤੇ ਉਨ੍ਹਾਂ ਦੀ ਤਸਵੀਰ ਨਾਲ ਪਿਤਾ ਬਲਕੌਰ ਸਿੰਘ ਤੇ ਮਾਤਾ ਚਰਨ ਕੌਰ ਜੀ ਖੜ੍ਹੇ ਹਨ। ਲੋਕਾਂ ਵੱਲੋਂ ਸਿੱਧੂ ਦੀ ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਤੇ ਸ਼ੇਅਰ ਕੀਤਾ ਜਾ ਰਿਹਾ ਹੈ।
ਦੱਸ ਦੇਈਏ ਕਿ ਇਹ ਪ੍ਰਾਪਤੀ ਉਨ੍ਹਾਂ ਨੂੰ ਮਿਲਦੀ ਹੈ, ਜਿਨ੍ਹਾਂ ਦੇ ਯੂਟਿਊਬ ਤੇ 1 ਕਰੋੜ ਸਬਸਕ੍ਰਾਈਬਰ ਹੋ ਜਾਂਦੇ ਹਨ। ਸਿੱਧੂ ਮੂਸੇਵਾਲਾ ਦੇ ਯੂਟਿਊਬ ‘ਤੇ 1 ਕਰੋੜ ਤੋਂ ਵੀ ਵੱਧ ਸਬਸਕ੍ਰਾਈਬਰ ਹਨ। ਉਨ੍ਹਾਂ ਨੂੰ ਹਾਲ ਹੀ ਵਿੱਚ ਇਹ ਸਨਮਾਨ ਦਿਤਾ ਗਿਆ ਸੀ। ਇਸ ਦੇ ਨਾਲ ਹੀ ਸਿੱਧੂ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ, ਜਿਨ੍ਹਾਂ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਹੋਰ ਕਿਸੇ ਵੀ ਪੰਜਾਬੀ ਗਾਇਕ ਦੇ ਨਾ ਤਾਂ ਇੱਕ ਕਰੋੜ ਸਬਸਕ੍ਰਾਈਬਰ ਹਨ ਤੇ ਨਾ ਹੀ ਉਨ੍ਹਾਂ ਨੂੰ ਇਹ ਪ੍ਰਾਪਤੀ ਮਿਲੀ ਹੈ।
ਸਿੱਧੂ ਮੂਸੇਵਾਲਾ ਨੇ ਆਪਣੇ 5 ਸਾਲਾਂ ਦੇ ਮਿਊਜ਼ਿਕ ਕਰੀਅਰ `ਚ ਇੰਡਸਟਰੀ ਨੂੰ ਜ਼ਬਰਦਸਤ ਗਾਣੇ ਦਿੱਤੇ। ਉਨ੍ਹਾਂ ਦੇ ਮਰਨ ਉਪਰੰਤ ਵੀ ੳਨ੍ਹਾਂ ਦੇ ਗੀਤ ਲੋਕ ਸੁਣ ਰਹੇ ਹਨ। ਉਨ੍ਹਾਂ ਦੇ ਸਭ ਤੋਂ ਜ਼ਿਆਦਾ ਸੁਣੇ ਜਾਣ ਵਾਲੇ ਗੀਤਾਂ `ਚ ਦ ਲਾਸਟ ਰਾਈਡ, 295, ਲੈਵਲਜ਼, ਈਸਟ ਸਾਈਡ ਫ਼ਲੋ ਤੇ ਹੋਰ ਕਈ ਗੀਤ ਹਨ। ਇਸ ਦੇ ਨਾਲ ਨਾਲ ਮੂਸੇਵਾਲਾ ਦਾ ਸੋਸ਼ਲ ਮੀਡੀਆ ਤੇ ਵੀ ਦਬਦਬਾ ਹੈ। ਉਹ ਕੁੱਝ ਹੀ ਪੰਜਾਬੀ ਸੈਲੀਬ੍ਰਿਟੀਆਂ ਵਿੱਚੋਂ ਇੱਕ ਹਨ ਜਿਨ੍ਹਾਂ ਦੀ ਸੋਸ਼ਲ ਮੀਡੀਆ ਤੇ ਫ਼ੈਨ ਫ਼ਾਲੋਇੰਗ ਕਰੋੜਾਂ `ਚ ਹੈ। ਇੰਸਟਾਗ੍ਰਾਮ ਤੇ ਮੂਸੇਵਾਲਾ ਦੇ 1 ਕਰੋੜ ਤੋਂ ਵੱਧ ਫ਼ਾਲੋਅਰ ਹਨ।











