ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 30 ਸਤੰਬਰ 2022 : ਡਿਪਟੀ ਕਮਿਸ਼ਨਰ ਬਲਦੀਪ ਕੌਰ ਨੇ ਜਿਲ੍ਹਾ ਮਾਨਸਾ ਦੇ ਪਿੰਡਾਂ ਮਾਨਸਾ ਖੁਰਦ, ਬੁਰਜ ਢਿੱਲਵਾਂ, ਭੈਣੀਬਾਘਾ ਅਤੇ ਬੁਰਜਹਰੀ ਵਿਖੇ ਮਨਰੇਗਾ ਸਕੀਮ ਅਧੀਨ ਚੱਲ ਰਹੇ ਕੰਮਾਂ ਦਾ ਜਾਇਜਾ ਲਿਆ। ਇਸ ਦੌਰਾਨ ਉਨਾਂ ਮੁੱਖ ਤੌਰ ’ਤੇ ਨਹਿਰੀ ਵਿਭਾਗ ਵੱਲੋਂ ਕਰਵਾਏ ਜਾ ਰਹੇ ਕੰਮ, ਪੌਦਿਆਂ ਸਬੰਧੀ ਕੰਮ, ਪਾਰਕ ਅਤੇ ਸਾਂਝਾ ਜਲ ਤਲਾਬ ਆਦਿ ਕੰਮਾਂ ਦੀ ਚੈਕਿੰਗ ਕੀਤੀ ਗਈ।

ਉਨਾਂ ਚੈਕਿੰਗ ਦੌਰਾਨ ਮੌਕੇ ’ਤੇ ਹਾਜਰ ਸਟਾਫ ਨੂੰ ਹਦਾਇਤ ਕੀਤੀ ਕਿ ਮਨਰੇਗਾ ਸਕੀਮ ਅਧੀਨ ਪਾਰਦਰਸ਼ਤਾ ਲਿਆਉਣ ਲਈ ਮਜ਼ਦੂਰਾਂ ਦੀ ਹਾਜ਼ਰੀ ਮੋਬਾਇਲ ਮੋਨਿਟਰਿੰਗ ਸਿਸਟਮ ਰਾਹੀਂ ਹੀ ਲਗਾਉਣੀ ਯਕੀਨੀ ਬਣਾਈ ਜਾਵੇ। ਉਨਾਂ ਹਦਾਇਤ ਕੀਤੀ ਕਿ ਪਿੰਡਾਂ ਵਿੱਚ ਚੱਲ ਰਹੇ ਕੰਮਾਂ ਦੀ ਚੈਕਿੰਗ ਯਕੀਨੀ ਬਣਾਈ ਜਾਵੇ, ਤਾਂ ਜੋ ਹਰ ਕੰਮ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਕਰਵਾਇਆ ਜਾ ਸਕੇ ਅਤੇ ਵੱਧ ਤੋਂ ਵੱਧ ਜੋਬ ਕਾਰਡ ਧਾਰਕਾਂ ਨੂੰ ਉਨਾਂ ਵੱਲੋਂ ਕੀਤੀ ਗਈ ਮੰਗ ਅਨੁਸਾਰ 100 ਦਿਨਾਂ ਦਾ ਰੋਜ਼ਗਾਰ ਦਿੱਤਾ ਜਾ ਸਕੇ। ਉਨਾਂ ਸਬੰਧਤ ਅਧਿਕਾਰੀਆਂ ਨੂੰ ਕਿਹਾ ਕਿ ਮਗਨਰੇਗਾ ਸਕੀਮ ਦੀਆਂ ਹਦਾਇਤਾਂ ਅਨੁਸਾਰ ਰਿਕਾਰਡ ਦੀ ਸਾਂਭ-ਸੰਭਾਲ ਰੱਖੀ ਜਾਵੇ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਟੀ. ਬੈਨਿਥ (ਆਈ.ਏ.ਐਸ), ਬੀ.ਡੀ.ਪੀ.ਓ. ਮਾਨਸਾ ਜਗਤਾਰ ਸਿੰਘ ਸਿੱਧੂ, ਮਨਦੀਪ ਸਿੰਘ ਜ਼ਿਲਾ ਨੋਡਲ ਅਫਸਰ ਮਗਨਰੇਗਾ, ਮੋਨੂੰ ਆਈ.ਟੀ.ਮੈਨੇਜਰ, ਮਨਦੀਪ ਸਿੰਘ ਤਕਨੀਕੀ ਸਹਾਇਕ ਮਨਰੇਗਾ ਅਤੇ ਗੁਰਲਾਲ ਸਿੰਘ ਜੇ.ਈ. ਹਾਜ਼ਰ ਸਨ।

