ਸ਼ਹੀਦ ਭਗਤ ਸਿੰਘ ਨੌਜਵਾਨਾ ਵੈਲਫੇਅਰ ਕਮੇਟੀ ਨੇ ਕੀਤਾ ਵਿਸ਼ਾਲ ਖੂਨਦਾਨ ਕੈਂਪ ਦਾ ਆਯੋਜਨ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 28 ਸਤੰਬਰ 2022 : ਸਿਹਤ ਵਿਭਾਗ ਮਾਨਸਾ ਵੱਲੋਂ ਸ਼ਹੀਦ-ਏ-ਆਜ਼ਮ ਸ. ਭਗਤ ਸਿੰਘ ਦੇ 115ਵੇ ਜਨਮ ਦਿਹਾੜੇ ਮੌਕੇ ਸਹਾਇਕ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਦੀ ਅਗਵਾਈ ਹੇਠ ਸਮੂਹ ਸਟਾਫ਼ ਵੱਲੋਂ ਉਨਾਂ ਦੇ ਦਰਸ਼ਾਏ ਹੋਏ ਮਾਰਗ ’ਤੇ ਚੱਲਣ ਅਤੇ ਆਮ ਲੋਕਾਂ ਦੀ ਭਲਾਈ ਲਈ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਕੰਮ ਕਰਨ ਸਬੰਧੀ ਸਹੁੰ ਚੁੱਕੀ ਗਈ। ਇਸ ਮੌਕੇ ਡਾ. ਰਣਜੀਤ ਸਿੰਘ ਰਾਏ ਨੇ ਕਿਹਾ ਕਿ ਅਸੀਂ ਅਜਿਹੇ ਦੇਸ਼ ਭਗਤ ਦਾ ਜਨਮ ਦਿਹਾੜਾ ਮਨਾ ਰਹੇ ਹਾਂ, ਜਿਸ ਨੇ ਛੋਟੀ ਉਮਰ ਵਿੱਚ ਫਾਂਸੀ ਦੇ ਫੰਦੇ ਨੂੰ ਚੁੰਮਦਿਆਂ ਹੋਇਆ ਦੇਸ਼ ਦੀ ਅਜ਼ਾਦੀ ਲਈ ਲਾਮਿਸਾਲ ਕੁਰਬਾਨੀ ਦਿੱਤੀ।
ਉਨਾਂ ਦੱਸਿਆ ਕਿ ਨੌਜਵਾਨਾਂ ਨੂੰ ਉਨਾਂ ਦੀ ਕੁਰਬਾਨੀ ਤੋਂ ਸੇਧ ਲੈਂਦਿਆਂ ਆਪਣੇ ਜੀਵਨ ਨੂੰ ਸਮਾਜ ਅਤੇ ਦੇਸ਼ ਨੂੰ ਖੁਸ਼ਹਾਲ ਬਣਾਉਣ ਵਿੱਚ ਲਗਾਉਣਾ ਚਾਹੀਦਾ ਹੈ। ਉਨਾਂ ਅਪੀਲ ਕੀਤੀ ਕਿ ਸਾਨੂੰ ਸਭ ਨੂੰ ਸ੍ਰ. ਭਗਤ ਸਿੰਘ ਦੇ ਪਾਏ ਪੂਰਨਿਆਂ ’ਤੇ ਚੱਲਣਾ ਚਾਹੀਦਾ ਹੈ। ਉਨਾਂ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਹੋ ਕੇ ਸ਼ਹੀਦ ਭਗਤ ਸਿੰਘ ਜੀ ਦੇ ਸੱਚੇ ਵਾਰਸ ਬਣ ਕੇ ਦੇਸ਼ ਦੀ ਸੇਵਾ ਕਰਨ ਅਤੇ ਨਸ਼ਿਆਂ ਅਤੇ ਹੋਰ ਭੈੜੀਆਂ ਅਲਾਮਤਾਂ ਨੂੰ ਤਿਆਗਦੇ ਹੋਏ ਆਪਣੇ ਦੇਸ਼ ਨੂੰ ਦੁਨੀਆਂ ਵਿੱਚ ਉੱਚੇ ਮੁਕਾਮ ’ਤੇ ਲੈ ਕੇ ਜਾਣ।
ਇਸ ਦੌਰਾਨ ਉਨਾਂ ਸ਼ਹੀਦ ਭਗਤ ਸਿੰਘ ਨੌਜਵਾਨ ਵੈਲਫੇਅਰ ਕਮੇਟੀ ਮਾਨਸਾ ਵੱਲੋਂ ਸ਼ਹੀਦ ਭਗਤ ਸਿੰਘ ਜੀ ਦੇ ਜਨਮ ਦਿਹਾੜੇ ਮੌਕੇ ਲਗਾਏ ਗਏ ਵਿਸ਼ਾਲ ਖੂਨਦਾਨ ਕੈਂਪ ਦਾ ਉਦਘਾਟਨ ਵੀ ਕੀਤਾ, ਜਿਸ ਵਿੱਚ ਵੱਡੀ ਗਿਣਤੀ ਵਿਚ ਲੋਕਾਂ ਨੇ ਖੂਨਦਾਨ ਕੀਤਾ।
ਇਸ ਮੌਕੇ ਲਵਲੀ ਗੋਇਲ ਜਿਲ੍ਹਾ ਅਕਾਊਂਟ ਅਫ਼ਸਰ, ਸੰਤੋਸ਼ ਭਾਰਤੀ ਜਿਲ੍ਹਾ ਐਪਿਡੀਮਾਲੋਜਿਸਟ, ਗੁਰਜੰਟ ਸਿੰਘ ਸਹਾਇਕ ਮਲੇਰੀਆ ਅਫਸਰ, ਫੁੰਮਣ ਸਿੰਘ, ਗੀਤਾ ਗੁਪਤਾ, ਰਾਜਵੀਰ ਕੌਰ, ਜਸਪ੍ਰੀਤ ਕੌਰ, ਸ਼ਰਨਜੀਤ ਕੌਰ, ਵਰਿੰਦਰ ਮਹਿਤਾ, ਜਗਦੇਵ ਸਿੰਘ, ਰੇਨੂੰ ਪੀ.ਐਨ.ਡੀ.ਟੀ. ਕੋਆਰਡੀਨੇਟਰ ਅਤੇ ਨਿਸ਼ਾ ਰਾਣੀ ਹਾਜ਼ਰ ਸਨ।











