ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ਅਤੇ ਪੰਚਾਇਤ ਘਰਾਂ ਨੂੰ ਵੱਧ ਤੋਂ ਵੱਧ ਖੇਡ ਕਿੱਟਾਂ ਮੁਹੱਈਆ ਕਰਵਾਈਆ ਜਾਣ-ਐਸਡੀਐਮ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਸਰਦੂਲਗੜ੍ਹ , 21 ਸਤੰਬਰ 2022 : ਉਪ ਮੰਡਲ ਮੈਜਿਸਟੇ੍ਟ ਸਰਦੂਲਗੜ੍ਹ ਮੈਡਮ ਪੂਨਮ ਸਿੰਘ ਨੇ ਆਪਣੇ ਦਫ਼ਤਰ ਵਿਖੇ ਵੱਖ-ਵੱਖ ਵਿਭਾਗੀ ਅਧਿਕਾਰੀਆਂ ਨਾਲ ਸਬ-ਡਵੀਜ਼ਨ ਸਰਦੂਲਗੜ੍ਹ ਵਿਖੇ ਚੱਲ ਰਹੇ ਵਿਕਾਸ ਕਾਰਜ਼ਾਂ ਨੂੰ ਲੈ ਕੇ ਅਹਿਮ ਮੀਟਿੰਗ ਕੀਤੀ। ਉਨਾਂ ਵਿਭਾਗੀ ਅਧਿਕਾਰੀਆਂ ਨੂੰ ਰਾਜ ਸਰਕਾਰ ਦੀਆਂ ਹਦਾਇਤਾਂ ਅਤੇ ਸਮਾਂਬੱਧ ਢੰਗ ਨਾਲ ਵਿਕਾਸ ਕੰਮਾਂ ਨੂੰ ਨੇਪਰੇ ਚੜਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ।
ਐਸਡੀਐਮ ਨੇ ਸਰਦੂਲੇਵਾਲਾ ਤੋਂ ਸਿਰਸਾ ਕੈਂਚੀਆਂ ਤੱਕ ਕਰੀਬ 5 ਕਿਲੋਮੀਟਰ ਨੈਸ਼ਨਲ ਹਾਈਵੇ ਐਨ.ਐਚ 703 ਦੇ ਪ੍ਰਗਤੀ ਅਧੀਨ ਕੰਮ ਦਾ ਜਾਇਜ਼ਾ ਲਿਆ। ਉਨਾਂ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਲੋਕਾਂ ਨੂੰ ਸਾਫ਼-ਸੁਥਰਾ ਪਾਣੀ ਮੁਹੱਈਆ ਕਰਵਾਉਣ ਦੇ ਆਦੇਸ਼ ਜਾਰੀ ਕੀਤੇ। ਉਨਾਂ ਕਿਹਾ ਕਿ ਪਾਣੀ ਸਟੋਰ ਕਰਨ ਵਾਲੀਆਂ ਟੈਂਕੀਆਂ ਦੀ ਤੁਰੰਤ ਪਹਿਲਕਦਮੀ ਨਾਲ ਸਫ਼ਾਈ ਕਰਵਾਈ ਜਾਵੇ, ਤਾਂ ਜੋ ਪਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਿਆ ਜਾ ਸਕੇ।
ਉਨਾਂ ਅਗਾਮੀ ਝੋਨੇ ਦੇ ਸ਼ੀਜਨ ਨੂੰ ਲੈ ਕੇ ਮਾਰਕਿਟ ਕਮੇਟੀ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਮਾਂ ਰਹਿੰਦੇ ਦਾਣਾ ਮੰਡੀਆਂ ਦੇ ਫੜਾਂ ਦੀ ਸਫ਼ਾਈ ਅਤੇ ਬਿਜਲੀ, ਪਾਣੀ, ਆਰਜ਼ੀ ਬਾਥਰੂਮ ਆਦਿ ਦੇ ਪਹਿਲਾ ਤੋਂ ਪੁਖਤਾ ਪ੍ਰਬੰਧ ਕਰ ਲਏ ਜਾਣ, ਤਾਂ ਜੋ ਸੀਜ਼ਨ ਸ਼ੁਰੂ ਹੋਣ ’ਤੇ ਮੰਡੀਆਂ ਅੰਦਰ ਫ਼ਸਲ ਲੈ ਕੇ ਆਏ ਕਿਸਾਨਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ। ਉਨਾਂ ਖੇਡ ਵਿਭਾਗ ਦੇ ਅਧਿਕਾਰੀਆਂ ਨੂੰ ਸਬ-ਡਵੀਜ਼ਨ ਸਰਦੂਲਗਡ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ ਲਈ ਪਿੰਡਾਂ ਅਤੇ ਪੰਚਾਇਤ ਘਰਾਂ ਨੂੰੰ ਵੱਧ ਤੋਂ ਵੱਧ ਖੇਡ ਕਿੱਟਾਂ ਮੁਹੱਈਆ ਕਰਵਾਉਣ ਲਈ ਕਿਹਾ। ਉਨਾਂ ਆਜਾਦੀ ਘੁਲਾਟੀਆਂ ਅਤੇ ਸੰਘਰਸ਼ੀ ਯੋਧਿਆਂ ਨਾਲ ਸਬੰਧਤ ਕੇਸਾਂ ਨੂੰ ਪਹਿਲ ਦੇ ਆਧਾਰ ’ਤੇ ਮੁਕੰਮਲ ਕਰਨ ਲਈ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ।
ਮੀਟਿੰਗ ਦੌਰਾਨ ਐਸਡੀਓ ਹਾਈਵੇ, ਐਸਡੀਓ ਵਾਟਰ ਸਪਲਾਈ, ਐਸਡੀਓ ਸੀਵਰੇਜ਼ ਬੋਰਡ, ਕਾਰਜ ਸਾਧਕ ਅਫ਼ਸਰ ਸਰਦੂਲਗੜ੍ਹ , ਐਸਡੀਓ ਪੀਐਸਪੀਸੀਐਲ ਸਰਦੂਲਗੜ੍ਹ /ਝੂਨੀਰ, ਬਲਾਕ ਵਿਕਾਸ ਪੰਚਾਇਤ ਅਫ਼ਸਰ ਸਰਦੂਲਗੜ੍ਹ /ਝੂਨੀਰ ਅਤੇ ਨਾਇਬ ਤਹਿਸੀਲਦਾਰ ਸਰਦੂਲਗੜ੍ਹ ਹਾਜ਼ਰ ਸਨ।

