24 ਸਤੰਬਰ ਦੀ ਜਲੰਧਰ ਰੈਲੀ ਵਿੱਚ ਮਾਨਸਾ ਤੋ ਕੀਤੀ ਜਾਵੇਗੀ ਭਰਵੀ ਸਮੂਲੀਅਤ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 17 ਸਤੰਬਰ 2022 : ਸੀਪੀਆਈ (ਐੱਮ ) ਦੀ ਕੇਂਦਰੀ ਕਮੇਟੀ ਦੇ ਸੱਦੇ ਤੇ ਜਨ ਸੰਪਰਕ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਨੰਗਲ ਖੁਰਦ , ਦੂਲੋਵਾਲ ਤੇ ਗੇਹਲੇ ਵਿੱਖੇ ਭਰਵੀਆਂ ਮੀਟਿੰਗਾਂ ਨੂੰ ਸੰਬੋਧਨ ਕਰਦਿਆਂ ਸੀਪੀਆਈ ( ਐਮ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਆਜ਼ਾਦੀ ਦੇ 75 ਸਾਲਾਂ ਬਾਅਦ ਦੇਸ਼ ਵਿੱਚ ਪਹਿਲੀ ਵਾਰ ਵਾਪਰ ਰਿਹਾ ਹੈ ਕਿ ਸਮੇ ਦੀ ਹਕੂਮਤ ਖਾਣ ਵਾਲੇ ਆਟੇ ਤੇ ਦੁੱਧ ਤੇ ਟੈਕਸ ਲਗਾ ਰਹੀ ਹੈ ਤੇ ਵੱਡੇ ਵੱਡੇ ਕਾਰਪੋਰੇਟ ਘਰਾਣਿਆਂ ਦੇ ਅਰਬਾਂ ਰੁਪਇਆ ਦਾ ਟੈਕਸ ਮਾਅਫ ਕਰ ਰਹੀ ਹੈ ।
ਉਨ੍ਹਾਂ ਕਿਹਾ ਕਿ ਮੋਦੀ ਹਕੂਮਤ ਦੀਆਂ ਨਵ-ਉਦਾਰਵਾਦੀ ਕਾਰਪੋਰੇਟ ਘਰਾਣਿਆਂ ਪੱਖੀ ਨੀਤੀਆਂ ਸਦਕਾ ਦੇਸ਼ ਵਿੱਚ ਬੇਰੁਜ਼ਗਾਰੀ ਤੇ ਮਹਿੰਗਾਈ ਅਮਰਵੇਲ ਵਾਂਗ ਵਧ ਰਹੀ ਹੈ ਤੇ ਨਿੱਤ ਵਰਤੋਂ ਦੀਆਂ ਵਸਤੂਆਂ ਦੀ ਮਹਿੰਗਾਈ ਨੇ ਆਮ ਆਦਮੀ ਦਾ ਜੀਵਨ ਜਿਊਣਾ ਦੁੱਭਰ ਕਰ ਦਿੱਤਾ ਹੈ ।
ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਮਾਰਕਿਟ ਵਿੱਚ ਕੱਚੇ ਤੇਲ ਦੀਆਂ ਕੀਮਤਾ ਘੱਟਣ ਦੇ ਬਾਵਜੂਦ ਮੋਦੀ ਹਕੂਮਤ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਨਹੀ ਘਟਾ ਰਹੀ ਤੇ ਆਮ ਲੋਕਾ ਦੀਆ ਜੇਬਾਂ ਤੇ ਡਾਕਾ ਮਾਰ ਕੇ ਪੈਸਾ ਆਪਣੇ ਦਰਬਾਰੀ ਪੂੰਜੀਪਤੀਆਂ ਨੂੰ ਥਮਾ ਰਹੀ ਹੈ ਤੇ 2019, 2020 ਤੇ 2021 ਵਿੱਚ 8 ਲੱਖ ਕਰੋੜ ਰੁਪਏ ਇਕੱਲੇ ਪੈਟਰੋਲੀਅਮ ਪਦਾਰਥਾ ਵਿੱਚੋ ਕਮਾ ਚੁੱਕੀ ਹੈ, ਜਿਸ ਰੁਪਏ ਦੀ ਬਦੌਲਤ ਮੋਦੀ ਸਾਹਿਬ ਦੇ ਪਰਮ ਮਿੱਤਰ ਗੌਤਮ ਅਡਾਨੀ ਦੁਨਿਆਂ ਵਿੱਚੋ ਦੂਜੇ ਨੰਬਰ ਦੇ ਅਮੀਰ ਬਣ ਚੁੱਕੇ ਹਨ ।
ਐਡਵੋਕੇਟ ਉੱਡਤ ਨੇ ਕਿਹਾ ਕਿ ਸੀਪੀਆਈ( ਐਮ) ਵੱਲੋ ਮਹਿੰਗਾਈ ਸਮੇਤ ਆਮ ਜਨ ਦੀਆਂ ਬੁਨਿਆਦੀ ਮੰਗਾਂ ਨੂੰ ਪੂਰਾ ਕਰਵਾਉਣ ਲਈ 24 ਸਤੰਬਰ ਨੂੰ ਜਲੰਧਰ ਵਿੱਖੇ ਵਿਸ਼ਾਲ ਰੈਲੀ ਕੀਤੀ ਜਾਵੇਗੀ , ਜਿਸ ਵਿੱਚ ਮਾਨਸਾ ਜਿਲ੍ਹੇ ਵਿੱਚੋ ਭਰਵੀ ਸਮੂਲੀਅਤ ਕੀਤੀ ਜਾਵੇਗੀ ।
ਇਸ ਮੌਕੇ ਕਾਮਰੇਡ ਕਾਲਾ ਖਾਂ ਭੰਮੇ , ਰਾਜਾ ਸਿੰਘ ਦੂਲੋਵਾਲ , ਹਬੀਬ ਖਾਂ ਨੰਗਲ , ਬਲਦੇਵ ਸਿੰਘ ਦੂਲੋਵਾਲ ,ਤੇਜਾ ਸਿੰਘ ਦੂਲੋਵਾਲ , ਬਲਦੇਵ ਸਿੰਘ ਉੱਡਤ ਤੇ ਗੁਰਮੇਲ ਸਿੰਘ ਗੇਹਲੇ ਨੇ ਵੀ ਵਿਚਾਰ ਸਾਂਝੇ ਕੀਤੇ ।

