ਬਿਊਰੋ, ਪ੍ਰਾਈਮ ਪੋਸਟ ਪੰਜਾਬ
ਲੁਧਿਆਣਾ, 3 ਜੁਲਾਈ 2023 : ਲੁਧਿਆਣਾ ਵਿੱਚ ਸੱਪ ਦੇ ਡੰਗਣ ਨਾਲ ਪਤੀ-ਪਤਨੀ ਦੀ ਮੌਤ ਹੋ ਗਈ।ਮ੍ਰਿਤਕ ਜੋੜਾ ਪਿੰਡ ਥਰੀਕੇ ਵਿੱਚ ਇੱਕ ਡੇਅਰੀ ਵਿੱਚ ਬੱਚਿਆਂ ਨਾਲ ਰਹਿੰਦਾ ਸੀ। ਬੀਤੀ ਰਾਤ ਇੱਕ ਸੱਪ ਡੇਅਰੀ ਵਿੱਚ ਵੜ ਗਿਆ। ਇੱਥੇ ਕਮਰੇ ‘ਚ ਛੋਟੇ ਬੇਟੇ ਨਾਲ ਸੁੱਤੇ ਪਤੀ-ਪਤਨੀ ਨੂੰ ਸੱਪ ਨੇ ਡੰਗ ਲਿਆ। ਸੱਪ ਦੇ ਡੰਗਣ ਤੋਂ ਬਾਅਦ ਔਰਤ ਨੇ ਰੌਲਾ ਪਾਇਆ ਤਾਂ ਨੇੜੇ ਰਹਿੰਦੇ ਡੇਅਰੀ ਮਾਲਕ ਅਤੇ ਆਸਪਾਸ ਰਹਿੰਦੇ ਲੋਕ ਇਕੱਠੇ ਹੋ ਗਏ। ਲੋਕ ਜੋੜੇ ਨੂੰ ਹਸਪਤਾਲ ਲੈ ਗਏ। ਇਲਾਜ ਦੌਰਾਨਪਤਾ ਲੱਗਾ ਕਿ ਉਕਤ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਸੀ। ਜਦਕਿ ਔਰਤ ਦੀ ਹਸਪਤਾਲ ‘ਚ ਇਲਾਜ ਦੌਰਾਨ ਮੌਤ ਹੋ ਗਈ।ਮ੍ਰਿਤਕਾਂ ਦੀ ਪਛਾਣ ਸੁਸ਼ੀਲ ਪਾਸਵਾਨ (40) ਅਤੇ ਲਲਿਤਾ ਦੇਵੀ (38) ਵਜੋਂ ਹੋਈ ਹੈ।ਜੋੜੇ ਦੇ ਚਾਰ ਬੱਚੇ ਹਨ। ਘਟਨਾ ਦੇ ਸਮੇਂ ਤਿੰਨ ਬੱਚੇ ਛੱਤ ‘ਤੇ ਸੌਂ ਰਹੇ ਸਨ ਜਦਕਿ ਇਕ ਬੱਚਾ ਉਨ੍ਹਾਂ ਦੇ ਨਾਲ ਸੁੱਤਾ ਹੋਇਆ ਸੀ। ਪੁਲਿਸ ਥਾਣਾ ਸਦਰ ਨੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।
ਮਾਮਲੇ ਦੀ ਜਾਂਚ ਕਰ ਰਹੇ ਏਐਸਆਈ ਅਵਤਾਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬਿਹਾਰ ਦੇ ਵਸਨੀਕ ਹਨ।ਜੋੜਾ ਆਪਣੇ ਚਾਰ ਬੱਚਿਆਂ ਸਮੇਤ ਡੇਅਰੀ ਵਿੱਚ ਰਹਿ ਰਿਹਾ ਸੀ ਕਿਉਂਕਿ ਸੁਸ਼ੀਲ ਡੇਅਰੀ ਵਿੱਚ ਕੰਮ ਕਰਦਾ ਸੀ। ਏਐਸਆਈ ਨੇ ਦੱਸਿਆ ਕਿ ਚਾਰੇ ਬੱਚੇ ਸੁਰੱਖਿਅਤ ਹਨ ਅਤੇ ਫਿਲਹਾਲ ਡੇਅਰੀ ਮਾਲਕ ਵੱਲੋਂ ਉਨ੍ਹਾਂ ਦੀ ਦੇਖਭਾਲ ਕੀਤੀ ਜਾ ਰਹੀ ਹੈ।ਜੋੜੇ ਦੇ ਰਿਸ਼ਤੇਦਾਰ ਵੀ ਲੁਧਿਆਣਾ ਵਿੱਚ ਰਹਿੰਦੇ ਹਨ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।

