ਦਵਿੰਦਰ ਕੋਹਲੀ ( Prime Post Punjab)
ਬੁਢਲਾਡਾ , 1 ਜੂਨ 2023 : ਪੰਜਾਬ ਵਿਚ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਬਾਰਸ਼ ਹੋ ਰਹੀ ਹੈ । ਬਾਰਸ਼ ਦੇ ਨਾਲ਼ ਨਾਲ਼ ਤੇਜ਼ ਹਵਾਵਾਂ ਬੀ ਚੱਲ ਰਹੀਆਂ ਹਨ ਜਿਸ ਨਾਲ ਵੱਖ ਵੱਖ ਥਾਵਾਂ ਤੇ ਨੁਕਸਾਨ ਹੋਣ ਦੀਆਂ ਖ਼ਬਰਾਂ ਮਿਲਦੀਆਂ ਰਹਿੰਦੀਆਂ ਹਨ । ਇਸੇ ਤਰ੍ਹਾਂ ਮਾਨਸਾ ਜ਼ਿਲ੍ਹੇ ਦੀ ਸਬ-ਡਵੀਜ਼ਨ ਬੁਢਲਾਡਾ ਤੋਂ ਅਜਿਹੀ ਖ਼ਬਰ ਮਿਲੀ ਹੈ ।
ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਦਿਨ ਰਾਤ ਨੂੰ ਤੇਜ਼ ਮੀਂਹ ਦੇ ਨਾਲ-ਨਾਲ ਬੱਦਲਾਂ ਦੀ ਗਰਜ ਤੇ ਅਸਮਾਨੀ ਬਿਜਲੀ ਚਮਕ ਰਹੀ ਸੀ । ਜਿਸ ਨਾਲ ਦੀਵਾਨ ਸਿੰਘ ਪੁੱਤਰ ਸਰਦਾਰਾ ਸਿੰਘ ਵਾਸੀ ਸੁਰਜੀਤ ਐਮਸੀ ਵਾਲੀ ਗਲੀ ਵਾਰਡ ਨੰਬਰ.19 ਦੇ ਘਰ ਅਚਾਨਕ ਛੱਤ ਉੱਤੇ ਬਿਜਲੀ ਡਿੱਗ ਪਈ, ਜਿਸ ਕਾਰਨ ਘਰ ਵਿਚ ਪਿਆ ਖ਼ਾਸਕਰ ਇਲੈਕਟ੍ਰਿਕ ਸਮਾਨ ਜਿਸ ਵਿੱਚ ਫਰਿੱਜ, ਐਲ ਈ ਡੀ, ਪੱਖੇ, ਸਮਰਸਿਬਲ ਮੋਟਰ, ਬਿਜਲੀ ਦੀ ਸਾਰੀ ਅੰਡਰਗਰਾਊਂਡ ਤਾਰ ਅਤੇ ਫਿਟਿੰਗ ਸੜ ਕੇ ਸਵਾਹ ਹੋ ਗਈ । ਜਿਸ ਨਾਲ ਆਂਡ-ਗੁਆਂਡ ਅਤੇ ਪੂਰੇ ਮੁਹੱਲੇ ਵਿੱਚ ਸਹਿਮ ਦਾ ਮਹੌਲ ਬਣ ਗਿਆ ਅਤੇ ਅੰਦਾਜਨ ਪਰਿਵਾਰ ਦਾ ਇਕ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੈ l

ਪਰਿਵਾਰ ਦੇ ਮੋਢੀ ਦੀਵਾਨ ਸਿੰਘ ਨੇ ਦੱਸਿਆ ਕਿ ਉਹ ਇਕ ਮੋਟਰਸਾਈਕਲ ਮਕੈਨਿਕ ਹੈ, ਜਿਸ ਨਾਲ ਘਰ ਦਾ ਗੁਜ਼ਾਰਾ ਕੀ ਬੜੀ ਮੁਸ਼ਕਿਲ ਨਾਲ ਹੁੰਦਾ ਹੈ ਉਪਰੋਂ ਇਸ ਤਰ੍ਹਾਂ ਦਾ ਨੁਕਸਾਨ ਹੋਣਾ ਸਾਡੇ ਲਈ ਬਹੁਤ ਵੱਡੀ ਸਮੱਸਿਆ ਬਣ ਗਿਆ ਹੈ । ਉਨ੍ਹਾਂ ਕਿਹਾ ਕਿ ਮੈ ਅਤੇ ਮੇਰਾ ਪਰਿਵਾਰ ਪੰਜਾਬ ਸਰਕਾਰ ਤੋਂ ਹੋਏ ਨੁਕਸਾਨ ਦੇ ਮੁਆਵਜ਼ੇ ਦੀ ਮੰਗ ਕਰਦੇ ਹਾਂ ।

