ਸੰਜੀਵ ਜਿੰਦਲ ( Prime Post Punjab )
ਝੁਨੀਰ, 27 ਮਈ 2023 : ਦੇਸ਼ ਭਰ ‘ਚ ਚਲਾਏ ਜਾ ਰਹੇ ਪਲਸ ਪੋਲੀਓ ਮੁਹਿੰਮ ਸਬੰਧੀ ਸੀਨੀਅਰ ਮੈਡੀਕਲ ਅਫਸਰ ਸਰਦੂਲਗੜ੍ਹ ਡਾ. ਵੇਦ ਪ੍ਰਕਾਸ਼ ਸੰਧੂ ਨੇ ਕਿਹਾ ਕਿ ਜਿਲ੍ਹਾ ਸਿਹਤ ਵਿਭਾਗ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਬ ਡਵੀਜ਼ਨ ਸਰਦੂਲਗੜ੍ਹ ਵਿਖੇ 28 ਮਈ ਦਿਨ ਐਤਵਾਰ ਨੂੰ 0-5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਵੈਕਸੀਨ ਬੂੰਦਾਂ ਪਿਲਾਈਆਂ ਜਾਣਗੀਆਂ।
ਉਨ੍ਹਾਂ ਦੱਸਿਆ ਕਿ ਮਾਪਿਆਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਤਰੀਕਿਆਂ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ। ਇਸ ਕਾਰਜ ਨੂੰ ਸਫਲ ਬਣਾਉਣ ਲਈ ਹਰੇਕ ਪਿੰਡ/ ਸਹਿਰ ਲੋੜ ਅਨੁਸਾਰ ਬੱਸ ਸਟੈਂਡ, ਗੁਰਦੁਆਰਾ ਸਾਹਿਬ, ਮੰਦਰ, ਧਰਮਸ਼ਾਲਾ ਆਦਿ ਤੇ ਬੂਥ ਸਥਾਪਤ ਕੀਤੇ ਗਏ ਹਨ, ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ 5 ਸਾਲ ਤੱਕ ਦੇ ਬੱਚਿਆਂ ਨੂੰ ਪੋਲੀਓ ਦੀ ਨਾ ਮੁਰਾਦ ਬਿਮਾਰੀ ਤੋਂ ਬਚਾਉਣ ਲਈ ਬੂਥਾਂ ਵੱਲ ਆਪਣੇ ਕਦਮ ਪੁੱਟਣ ਅਤੇ ਪੋਲੀਓ ਰੋਧਕ ਵੈਕਸੀਨ ਦੀਆਂ ਦੋ ਬੂੰਦਾਂ ਜ਼ਰੂਰ ਪਿਲਾਉਣ।
ਉਨ੍ਹਾਂ ਜਾਣਕਾਰੀ ਦਿੱਤੀ ਕਿ ਰਾਸ਼ਟਰੀ ਸਿਹਤ ਵਿਭਾਗ ਅਤੇ ਸਮੂਹ ਜਨ-ਸ਼ਕਤੀ ਦੀਆਂ ਕੋਸ਼ਿਸ਼ਾਂ ਸਦਕਾ 13 ਜਨਵਰੀ 2011 ਤੋਂ ਬਾਅਦ ਭਾਰਤ ਵਿੱਚ ਪੋਲੀਓ ਦਾ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ, ਸਾਡਾ ਦੇਸ਼ ਪੋਲੀਓ ਮੁਕਤ ਹੋ ਚੁੱਕਾ ਹੈ ਪਰ ਜਿੰਨਾ ਸਮਾਂ ਸੰਸਾਰ ਪੋਲੀਓ ਮੁਕਤ ਨਹੀਂ ਹੁੰਦਾ ਅਤੇ ਕਈ ਪ੍ਰਭਾਵਿਤ ਦੇਸ਼ਾਂ ਤੋਂ ਇਸ ਬਿਮਾਰੀ ਦੇ ਵਾਇਰਸ ਆਉਣ ਦਾ ਡਰ ਹੈ। ਉਸ ਸਮੇਂ ਤੱਕ ਭਾਰਤ ਭਰ ਵਿੱਚ ਪਲਸ ਪੋਲੀਓ ਮੁਹਿੰਮ ਦੇ ਨੈਸ਼ਨਲ ਰਾਊਂਡ ਜਾਰੀ ਹਨ।

