ਸਰਕਾਰੀ ਹਸਪਤਾਲ ’ਚ ਡਲਿਵਰੀ ਕਰਾਉਣ ਵਾਲੀ ਗਰਭਵਤੀ ਮਾਂ ਲਈ ਟੀਕਾਕਰਨ ਅਤੇ ਸਾਰੇ ਟੈਸਟਾਂ ਦੀ ਮੁਫਤ ਸੁਵਿਧਾ ਉਪਲਬਧ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 17 ਮਈ 2023 : ਸਹਾਇਕ ਸਿਵਲ ਸਰਜਨ ਡਾ. ਰਣਜੀਤ ਸਿੰਘ ਰਾਏ ਅਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਨਵਰੂਪ ਕੌਰ ਦੀ ਅਗਵਾਈ ਹੇਠ ਜ਼ਿਲ੍ਹੇ ਦੇ ਵੱਖ ਵੱਖ ਸਿਹਤ ਕੇਂਦਰਾਂ ਵਿਖੇ ਮਮਤਾ ਦਿਵਸ ਦੌਰਾਨ ਗਰਭਵਤੀ ਔਰਤਾਂ ਦੀ ਜਾਂਚ, ਟੀਕਾਕਰਨ ਅਤੇ ਜਾਗਰੂਕਤਾ ਕੈਂਪ ਲਗਾਏ ਗਏ l
ਸਹਾਇਕ ਸਿਵਲ ਸਰਜਨ ਨੇ ਦੱਸਿਆ ਕਿ ਸੁਰੱਖਿਅਤ ਜਣੇਪੇ ਲਈ ਗਰਭਵਤੀ ਔਰਤਾਂ ਦੀ ਸਮੇਂ ਸਮੇਂ ’ਤੇ ਜਾਂਚ ਕਰਵਾਉਣੀ ਅਤਿ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਦੀਆਂ ਵੱਖ ਵੱਖ ਸਿਹਤ ਸੰਸਥਾਵਾਂ ਵਿੱਚ ਗਰਭਵਤੀ ਔਰਤਾਂ ਲਈ ਮੁਫ਼ਤ ਸਿਹਤ ਜਾਂਚ ਕੈਂਪ ਅਤੇ ਮਾਵਾਂ ਤੇ ਬੱਚਿਆਂ ਲਈ ਟੀਕਾਕਰਨ ਕੈਂਪ ਹਰ ਬੁੱਧਵਾਰ ਨੂੰ ਮਮਤਾ ਦਿਵਸ ਦੇ ਮੌਕੇ ’ਤੇ ਪਿੰਡ ਪੱਧਰ ’ਤੇ ਲਗਾਏ ਜਾਂਦੇ ਹਨ, ਇੰਨਾਂ ਟੀਕਾਕਰਨ ਕੈਪਾਂ ਰਾਹੀਂ ਵੱਖ ਵੱਖ ਕਿਸਮ ਦੀਆਂ ਬਿਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਨ੍ਹਾਂ ਕੈਂਪਾਂ ਵਿੱਚ ਜਾਂਚ ਦੇ ਨਾਲ ਨਾਲ ਟੈਸਟ ਅਤੇ ਦਵਾਈਆਂ ਵੀ ਬਿਲਕੁਲ ਮੁਫ਼ਤ ਦਿੱਤੀਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਜੇ.ਐਸ.ਵਾਈ. ਸਕੀਮ ਦੇ ਤਹਿਤ ਹਸਪਤਾਲ ਵਿੱਚ ਡਲਿਵਰੀ ਕਰਾਉਣ ਵਾਲੀ ਗਰਭਵਤੀ ਮਾਂ ਲਈ ਸਿਹਤ ਵਿਭਾਗ ਵੱਲੋਂ ਗਰਭਵਤੀ ਔਰਤਾਂ ਦੀ ਸਿਹਤ ਸੰਭਾਲ ਅਤੇ ਸੁਰੱਖਿਅਤ ਜਣੇਪੇ ਨੂੰ ਮੁੱਖ ਰੱਖਦੇ ਹੋਏ ਟੀਕਾਕਰਨ ਅਤੇ ਸਾਰੇ ਟੈਸਟ ਬਿਲਕੁਲ ਮੁਫਤ ਕੀਤੇ ਜਾਂਦੇ ਹਨ। ਸਿਹਤ ਕਰਮਚਾਰੀਆਂ ਅਤੇ ਆਸ਼ਾ ਵਰਕਰਾਂ ਵੱਲੋਂ ਸਮੇਂ ਸਮੇਂ ਦੀ ਗਰਭਵਤੀ ਔਰਤਾਂ ਦੀ ਕੌਂਸਲਿੰਗ ਵੀ ਕੀਤੀ ਜਾਂਦੀ ਹੈ ਤਾਂ ਜੋ ਉਹ ਆਪਣਾ ਅਤੇ ਆਪਣੇ ਗਰਭ ਵਿੱਚ ਪਲ ਰਹੇ ਬੱਚੇ ਦਾ ਧਿਆਨ ਰੱਖ ਸਕਣ।
ਇਸ ਮੌਕੇ ਸਿਹਤ ਕੇਂਦਰ ਜਵਾਹਰਕੇ ਵਿਖੇ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੈ ਕੁਮਾਰ ਨੇ ਦੱਸਿਆ ਕਿ ਗਰਭ ਅਵਸਥਾ ਦੌਰਾਨ ਵੱਖ ਵੱਖ ਕਾਰਨਾਂ ਕਰਕੇ ਗਰਭਵਤੀ ਔਰਤਾਂ ਦੀ ਸਿਹਤ ਨੂੰ ਖਤਰਾ ਹੋ ਸਕਦਾ ਹੈ, ਜੇਕਰ ਗਰਭਵਤੀ ਔਰਤ ਸਮੇਂ ਸਿਰ ਘੱਟੋ ਘੱਟ ਚਾਰ ਵਾਰ ਆਪਣੀ ਜਾਂਚ ਨਹੀਂ ਕਰਵਾਉਂਦੀਆਂ ਤਾਂ ਇਸ ਦੇ ਗੰਭੀਰ ਸਿੱਟੇ ਨਿੱਕਲ ਸਕਦੇ ਹਨ ਅਤੇ ਕਈ ਵਾਰ ਗਰਭਵਤੀ ਔਰਤ ਦੀ ਜਾਨ ਵੀ ਜਾ ਸਕਦੀ ਹੈ। ਇਸ ਲਈ ਹਰ ਇੱਕ ਗਰਭਵਤੀ ਮਹਿਲਾ ਨੂੰ ਸਮੇਂ ਸਿਰ ਆਪਣੀ ਸਿਹਤ ਜਾਂਚ ਕਰਵਾਉਂਦੇ ਰਹਿਣਾ ਚਾਹੀਦਾ ਹੈ। ਕਿਸੇ ਵੀ ਤਰ੍ਹਾਂ ਦੀ ਸਿਹਤ ਸਮੱਸਿਆ ਆਉਣ ’ਤੇ ਬਿਨਾਂ ਕਿਸੇ ਲਾਪ੍ਰਵਾਹੀ ਨੂੰ ਛੱਡ ਕੇ ਨਜ਼ਦੀਕੀ ਸਿਹਤ ਸੰਸਥਾ ਵਿੱਚ ਜਾ ਕੇ ਔਰਤ ਰੋਗਾਂ ਦੇ ਮਾਹਿਰ ਡਾਕਟਰ ਕੋਲ ਇਲਾਜ਼ ਕਰਵਾਉਣਾ ਲਈ ਜਾਣਾ ਚਾਹੀਦਾ ਹੈ, ਅਤੇ ਆਪਣਾ ਰੂਟੀਨ ਚੈੱਕਅਪ ਵੀ ਕਰਵਾਉਂਦੇ ਰਹਿਣਾ ਚਾਹੀਦਾ ਹੈ l
ਉਨ੍ਹਾਂ ਕਿਹਾ ਕਿ ਜਿੰਨ੍ਹਾਂ ਲਾਭਪਾਤਰੀਆਂ ਦੇ ਐਮ.ਆਰ.1 ਅਤੇ ਐਮ.ਆਰ. 2 ਦੇ ਟੀਕੇ ਅਜੇ ਵੀ ਅਧੂਰੇ ਹਨ, ਉਹ ਇੰਨ੍ਹਾਂ ਕੈਂਪਾਂ ਵਿੱਚ ਆ ਕੇ ਆਪਣਾ ਟੀਕਾਕਰਨ ਕਰਵਾਉਣ ਤਾਂ ਜੋ ਦਸੰਬਰ 2023 ਤੱਕ ਖਸਰੇ ਅਤੇ ਰੂਬੇਲਾ ਦਾ ਖਾਤਮਾ ਕੀਤਾ ਜਾ ਸਕੇ।
ਇਸ ਮੌਕੇ ਸੀ.ਐਚ.ਓ. ਬੇਅੰਤ ਕੌਰ , ਕਿਰਨਜੀਤ ਕੌਰ ਏ.ਐਨ.ਐਮ, ਪ੍ਰਦੀਪ ਸਿੰਘ ਫੌਜੀ, ਕੁਲਦੀਪ ਸਿੰਘ, ਆਸ਼ਾ ਵਰਕਰਜ ਤੋ ਇਲਾਵਾ ਆਮ ਲੋਕ ਵੀ ਮੌਜੂਦ ਹਨ।

