ਸੰਜੀਵ ਜਿੰਦਲ
ਮਾਨਸਾ, 16 ਮਾਰਚ 2023 : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੇ ਆਦੇਸ਼ਾਂ ’ਤੇ ਸਿਵਲ ਹਸਪਤਾਲ ਮਾਨਸਾ ਵਿਖੇ ਵਿਸ਼ਵ ਗਲੂਕੋਮਾ ਹਫਤਾ ਮਨਾਉਂਦਿਆਂ ਅੱਖਾਂ ਦੀ ਜਾਂਚ ਕੀਤੀ ਅਤੇ ਕਾਲੇ ਮੋਤੀਏ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ। ਇਸ ਦੌਰਾਨ ਅੱਖਾਂ ਦੇ ਰੋਗਾਂ ਦੇ ਮਾਹਿਰ, ਡਾ.ਤਮੰਨਾ ਸੰਘੀ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਕਾਲੇ ਮੋਤੀਆ ਦੇ ਕਾਰਨ ਅੰਨਾਪਣ ਵੀ ਹੋ ਸਕਦਾ ਹੈ, ਇਸ ਕਰਕੇ 12 ਤੋਂ 18 ਮਾਰਚ ਤੱਕ ਇਹ ਹਫ਼ਤਾ ਮਨਾਇਆ ਜਾ ਰਿਹਾ ਹੈ।
ਡਾ ਤਮੰਨਾ ਸੰਘੀ ਨੇ ਦੱਸਿਆ ਕਿ ਭਾਰਤ ਵਿੱਚ ਲੱਖਾਂ ਲੋਕ ਕਾਲਾ ਮੋਤੀਆ ਤੋਂ ਪੀੜਤ ਹਨ ਅਤੇ ਇਸ ਦੇ ਬਰਾਬਰ ਜਾਂ ਇਸ ਤੋਂ ਜ਼ਿਆਦਾ ਸੰਖਿਆ ਵਿੱਚ ਲੋਕਾਂ ਨੂੰ ਇਹ ਸਮੱਸਿਆ ਹੁੰਦੇ ਹੋਏ ਵੀ ਇਸਦੀ ਜਾਣਕਾਰੀ ਨਹੀਂ ਹੈ। ਉਨ੍ਹਾਂ ਦੱਸਿਆ ਕਿ ਕਾਲਾ ਮੋਤੀਆ ਵਿੱਚ ਅੱਖ ਦੇ ਅੰਦਰ ਦਾ ਦਬਾਅ ਅੱਖ ਵਿੱਚ ਨਜ਼ਰ ਸਬੰਧੀ ਨਸਾਂ ਨੂੰ ਹਾਨੀ ਪਹੁੰਚਾਉਣ ਦਾ ਕਾਰਣ ਬਣਦਾ ਹੋਇਆ ਵਧਦਾ ਰਹਿੰਦਾ ਹੈ। ਨਜ਼ਰ ਲਗਾਤਾਰ ਘੱਟਦੀ ਰਹਿੰਦੀ ਹੈ ਅਤੇ ਜੇਕਰ ਇਸਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਕਾਲਾ ਮੋਤੀਆ ਨਾਲ ਅੰਨ੍ਹਾਪਣ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਕਾਲਾ ਮੋਤੀਆ ਤੋਂ ਪੀੜਤ ਹੋਣ ਦੇ ਲੱਛਣ ਇਹ ਹੋ ਸਕਦੇ ਹਨ ਕਿ ਮਰੀਜ਼ ਦੀ ਆਸੇ ਪਾਸੇ ਦੀ ਨਜ਼ਰ ਹੋਲੀ ਹੋਲੀ ਘੱਟਦੀ ਹੈ, ਨਜ਼ਰ ਧੁੰਦਲੀ, ਅੱਖਾਂ ਦਰਦ ਦੇ ਨਾਲ ਸਿਰਪੀੜ, ਰੋਸ਼ਨੀ ਦੇ ਆਲੇ ਦੁਆਲੇ ਰੰਗੀਨ ਛੱਲੇ ਜਾਂ ਗੋਲੇ ਜਾਂ ਪੜ੍ਹਨ ਵਾਲੀ ਐਨਕ ਦੇ ਸ਼ੀਸ਼ਿਆਂ ਵਿੱਚ ਨਿਰੰਤਰ ਤਬਦੀਲੀ ਹੋ ਸਕਦੀ ਹੈ। ਉਨਾਂ ਕਿਹਾ ਕਿ ਕਾਲਾ ਮੋਤੀਆ ਦਾ ਜ਼ਿਆਦਾ ਖਤਰਾ ਉਨਾਂ ਨੂੰ ਹੁੰਦਾ ਹੈ ਜੋ ਚਾਲੀ ਸਾਲ ਤੋਂ ਜ਼ਿਆਦਾ ਉਮਰ ਦੇ, ਜਿੰਨ੍ਹਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਕਾਲਾ ਮੋਤੀਆ ਹੋਵੇ, ਨੇੜੇ ਦੀ ਨਜ਼ਰ ਕਮਜੋਰ ਹੋਵੇ ਜਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਥਾਇਰਾਈਡ ਹੋਵੇ।
ਵਿਜੇ ਕੁਮਾਰ ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਕਿਹਾ ਕਿ ਕਾਲਾ ਮੋਤੀਆ ਦੇ ਕਾਰਨ ਨਜ਼ਰ ਦੀ ਹਾਨੀ ਹੋਣ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ ਜੇ ਬਿਮਾਰੀ ਦੀ ਜਲਦ ਪਹਿਚਾਣ ਹੋ ਜਾਂਦੀ ਹੈ ਅਤੇ ਜਲਦ ਇਲਾਜ ਸ਼ੁਰੂ ਹੋ ਜਾਂਦਾ ਹੈ। ਉਨਾਂ ਕਿਹਾ ਕਿ ਜ਼ਿਆਦਾਤਰ ਮਾਮਲਿਆਂ ਵਿੱਚ ਲਗਾਤਾਰ ਜਾਂਚ ਕਰਵਾ ਕੇ ਇਸ ਬਿਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ ।
ਦਰਸ਼ਨ ਸਿੰਘ ਉਪ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਸਰਕਾਰ ਵਲੋਂ ਮਨਾਏ ਜਾ ਰਹੇ ਇਸ ਹਫ਼ਤੇ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ। ਇਸ ਮੌਕੇ ਇੰਦਰਾਜ ਕੁਮਾਰ ਐਪਥਾਲਮਿਕ ਅਫ਼ਸਰ ਅਤੇ ਅਮਨਦੀਪ ਕੁਮਾਰ ਹਾਜ਼ਰ ਸਨ।

