12 ਤੋਂ 18 ਮਾਰਚ ਤੱਕ ਮਨਾਇਆ ਜਾਵੇਗਾ ਵਿਸ਼ਵ ਗਲੂਕੋਮਾ ਹਫ਼ਤਾ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 11 ਮਾਰਚ 2023 : ਸਿਵਲ ਸਰਜਨ ਮਾਨਸਾ ਡਾ.ਅਸ਼ਵਨੀ ਕੁਮਾਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲਾ ਹਸਪਤਾਲ ਮਾਨਸਾ ਵਿਖੇ ਵਿਸ਼ਵ ਗਲੂਕੋਮਾ (ਕਾਲਾ ਮੋਤੀਆ) 12 ਤੋਂ 18 ਮਾਰਚ ਤੱਕ ਹਫਤਾ ਮਨਾਇਆ ਜਾ ਰਿਹਾ ਹੈ।
ਉਨਾਂ ਦੱਸਿਆ ਕਿ ਭਾਰਤ ਵਿੱਚ ਕਈ ਲੱਖ ਲੋਕ ਕਾਲਾ ਮੋਤੀਆ ਤੋਂ ਪੀੜਤ ਹਨ ਅਤੇ ਇਸ ਦੇ ਬਰਾਬਰ ਜਾਂ ਇਸ ਤੋਂ ਜ਼ਿਆਦਾ ਸੰਖਿਆ ਵਿੱਚ ਲੋਕਾਂ ਨੂੰ ਇਹ ਪਤਾ ਹੀ ਨਹੀਂ ਹੈ ਕਿ ਉਨਾਂ ਨੂੰ ਇਹ ਸਮੱਸਿਆ ਹੈ। ਉਨਾਂ ਦੱਸਿਆ ਕਿ ਕਾਲਾ ਮੋਤੀਆ ਵਿੱਚ ਅੱਖ ਦੇ ਅੰਦਰ ਦਾ ਦਬਾਅ ਅੱਖ ਵਿੱਚ ਨਜ਼ਰ ਸਬੰਧੀ ਨਸਾਂ ਨੂੰ ਹਾਨੀ ਪਹੁੰਚਾਉਣ ਦਾ ਕਾਰਣ ਬਣਦੇ ਹੋਏ ਵੱਧਦਾ ਹੈ। ਨਜ਼ਰ ਲਗਾਤਾਰ ਘੱਟਦੀ ਰਹਿੰਦੀ ਹੈ ਅਤੇ ਜੇਕਰ ਇਸਦਾ ਇਲਾਜ ਨਹੀਂ ਕੀਤਾ ਜਾਂਦਾ ਤਾਂ ਕਾਲਾ ਮੋਤੀਆ ਨਾਲ ਅੰਨਾਪਣ ਹੋ ਸਕਦਾ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਅੱਖਾਂ ਦੇ ਮਾਹਿਰ ਡਾਕਟਰ ਡਾ. ਤਮੰਨਾ ਸੰਘੀ ਨੇ ਦੱਸਿਆ ਕਿ ਕਾਲਾ ਮੋਤੀਆ ਤੋਂ ਪੀੜਤ ਹੋਣ ਦੇ ਲੱਛਣ ਇਹ ਹੋ ਸਕਦੇ ਹਨ ਕਿ ਮਰੀਜ ਦੀ ਆਸੇ-ਪਾਸੇ ਦੀ ਨਜ਼ਰ ਹੌਲੀ-ਹੌਲੀ ਘੱਟਦੀ ਹੈ, ਨਜ਼ਰ ਧੁੰਦਲੀ, ਅੱਖਾਂ ਦਰਦ ਦੇ ਨਾਲ ਸਿਰ ਪੀੜ, ਰੋਸ਼ਨੀ ਦੇ ਆਲੇ-ਦੁਆਲੇ ਰੰਗੀਨ ਛੱਲੇ ਜਾਂ ਗੋਲੇ ਜਾਂ ਪੜਨ ਵਾਲੀ ਐਨਕ ਦੇ ਸ਼ੀਸਿਆਂ ਵਿੱਚ ਨਿਰੰਤਰ ਤਬਦੀਲੀ ਹੋ ਸਕਦੀ ਹੈ। ਉਨਾਂ ਕਿਹਾ ਕਿ ਕਾਲਾ ਮੋਤੀਆ ਦਾ ਜ਼ਿਆਦਾ ਖਤਰਾ ਉਨਾਂ ਨੂੰ ਹੁੰਦਾ ਹੈ ਜੋ ਚਾਲੀ ਸਾਲ ਤੋਂ ਜਿਆਦਾ ਉਮਰ ਦੇ, ਜਿੰਨਾਂ ਦੇ ਪਰਿਵਾਰ ਵਿੱਚ ਕਿਸੇ ਨੂੰ ਕਾਲਾ ਮੋਤੀਆ ਹੋਵੇ, ਨੇੜੇ ਦੀ ਨਜ਼ਰ ਕਮਜੋਰ ਹੋਵੇ ਜਾਂ ਸ਼ੂਗਰ, ਹਾਈ ਬਲੱਡ ਪ੍ਰੈਸ਼ਰ ਤੇ ਥਾਇਰਾਈਡ ਹੋਵੇ।
ਸੀਨੀਅਰ ਮੈਡੀਕਲ ਅਫਸਰ ਇੰਚ.ਜ਼ਿਲਾ ਹਸਪਤਾਲ ਮਾਨਸਾ ਡਾ.ਹਰਦੀਪ ਸ਼ਰਮਾ ਨੇ ਕਿਹਾ ਕਿ ਜੇਕਰ ਬਿਮਾਰੀ ਦੀ ਜਲਦ ਪਹਿਚਾਣ ਹੋ ਜਾਂਦੀ ਹੈ ਅਤੇ ਜਲਦ ਇਲਾਜ ਸ਼ੁਰੂ ਹੋ ਜਾਂਦਾ ਹੈ ਤਾਂ ਕਾਲਾ ਮੋਤੀਆ ਦੇ ਕਾਰਣ ਨਜ਼ਰ ਦੀ ਹਾਨੀ ਹੋਣ ਤੋਂ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ। ਉਨਾਂ ਕਿਹਾ ਕਿ ਜਿਆਦਾਤਰ ਮਾਮਲਿਆਂ ਵਿੱਚ ਲਗਾਤਾਰ ਜਾਂਚ ਕਰਵਾ ਕੇ ਇਸ ਬਿਮਾਰੀ ’ਤੇ ਕਾਬੂ ਪਾਇਆ ਜਾ ਸਕਦਾ ਹੈ। ਵਿਜੈ ਕੁਮਾਰ ਜੈਨ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮਾਨਸਾ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕੀ ਸਰਕਾਰ ਵਲੋਂ ਮਨਾਏ ਜਾ ਰਹੇ ਹਫਤੇ ਦਾ ਵੱਧ ਤੋਂ ਵੱਧ ਲਾਹਾ ਲੈਣਾ ਚਾਹੀਦਾ ਹੈ।

