ਪ੍ਰਿੰਸੀਪਲ ਅਰੁਣ ਕੁਮਾਰ ਗਰਗ ਅਤੇ ਕੁਲਦੀਪ ਸਿੰਘ ਚਹਿਲ ਦੀ ਸਿੰਘਾਪੁਰ ਟ੍ਰੇਨਿੰਗ ਲਈ ਚੋਣ ਹੋਈ
ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸਨ ਸਿੰਗਾਪੁਰ ਵਿਖੇ ਟ੍ਰੇਨਿੰਗ ਲਈ 30 ਸਕੂਲ ਪ੍ਰਿੰਸੀਪਲਾਂ ਦਾ ਦੂਜਾ ਗਰੁੱਪ ਰਵਾਨਾ
ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 3 ਮਾਰਚ 2023 :ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ 30 ਸਕੂਲ ਪ੍ਰਿੰਸੀਪਲਾਂ ਦੀ ਨੈਸ਼ਨਲ ਇੰਸਟੀਚਿਊਟ ਆਫ ਐਜੂਕੇਸ਼ਨ ਸਿੰਘਾਪੁਰ ਵਿਖੇ ਟ੍ਰੇਨਿੰਗ ਪ੍ਰਾਪਤ ਕਰਨ ਲਈ ਚੋਣ ਕੀਤੀ ਗਈ ਹੈ ਜਿਸ ਵਿਚ ਜ਼ਿਲ੍ਹਾ ਮਾਨਸਾ ਦੇ ਦੋ ਪ੍ਰਿੰਸੀਪਲ ਅਰੁਣ ਕੁਮਾਰ ਗਰਗ ਅਤੇ ਕੁਲਦੀਪ ਸਿੰਘ ਚਹਿਲ ਵੀ ਸਿੰਘਾਪੁਰ ਸਿਖਲਾਈ ਪ੍ਰਾਪਤ ਕਰਨ ਲਈ ਜਾ ਰਹੇ ਹਨ। ਇਹ ਜਾਣਕਾਰੀ ਜ਼ਿਲ੍ਹਾ ਸਿੱਖਿਆ ਅਫਸਰ (ਸੈਕੰਡਰੀ ਸਿੱਖਿਆ) ਮਾਨਸਾ ਹਰਿੰਦਰ ਸਿੰਘ ਭੁੱਲਰ ਨੇ ਦਿੱਤੀ।
ਉਨ੍ਹਾਂ ਦੱਸਿਆ ਕਿ ਅਰੁਣ ਕੁਮਾਰ ਗਰਗ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ ਨੇ ਪ੍ਰਿੰਸੀਪਲਾਂ ਦੀ ਸਿੱਧੀ ਭਰਤੀ ਵਿਚ ਰਾਜ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ, ਜਿੰਨ੍ਹਾਂ ਨੇ ਗਣਿਤ ਵਿਸ਼ੇ ਵਿੱਚ ਪਹਿਲੀ ਤੋਂ ਦਸਵੀਂ ਤੱਕ ਪੰਜਾਬ ਸਕੂਲ ਸਿੱਖਿਆ ਬੋਰਡ ਐੱਸ.ਏ.ਐੱਸ ਨਗਰ ਵਿਖੇ ਬਤੌਰ ਲੇਖਕ ਕਾਰਜ ਕੀਤਾ ਅਤੇ ਗਣਿਤ ਦੀਆਂ ਦਸ ਪੁਸਤਕਾਂ ਦੀ ਰਚਨਾ ਵੀ ਕਰ ਚੁੱਕੇ ਹਨ। ਸੰਨ 2017 ਵਿੱਚ ਮਾਲਤੀ ਗਿਆਨਪੀਠ ਪੁਰਸਕਾਰ, ਸੰਨ 2018 ਸਟੇਟ ਐਵਾਰਡ ਅਤੇ ਸੰਨ 2022 ਵਿੱਚ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਹੋ ਚੁੱਕੇ ਹਨ।
ਉਨ੍ਹਾਂ ਦੱਸਿਆ ਕਿ ਕੁਲਦੀਪ ਸਿੰਘ ਚਹਿਲ ਨੇ 16 ਸਾਲ ਆਰਮੀ ਸਕੂਲ ਵਿੱਚ ਬਤੌਰ ਅਧਿਆਪਕ ਕਾਰਜ ਕੀਤਾ ਅਤੇ ਸੰਨ 2019 ਵਿੱਚ ਸਿੱਧੀ ਭਰਤੀ ਰਾਹੀਂ ਸਕੂਲ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਪ੍ਰਿੰਸੀਪਲ ਭਾਈ ਬਹਿਲੋ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ (ਮੁੰਡੇ), ਫਫੜੇ ਭਾਈਕੇ ਵਿਖੇ ਸੇਵਾਵਾਂ ਨਿਭਾਅ ਰਹੇ ਹਨ। ਇਸ ਸਮੇਂ ਦੌਰਾਨ ਉਨ੍ਹਾਂ ਨੇ ਸਕੂਲ ਆਧੁਨਿਕ ਸ਼ੂਟਿੰਗ ਰੇਂਜ, ਬਾਸਕਟਬਾਲ,ਵਾਲੀਬਾਲ ਬੈਡਮਿੰਟਨ ਖੇਡ ਦੇ ਮੈਦਾਨ ਤਿਆਰ ਕਰਵਾਏ, ਜਿੱਥੋਂ ਵਿਦਿਆਰਥੀ ਖੇਡਾਂ ਦੇ ਗੁਰ ਪ੍ਰਾਪਤ ਕਰਕੇ ਦੇਸ਼-ਵਿਦੇਸ਼ ਵਿੱਚ ਨਾਮਣਾ ਖੱਟ ਰਹੇ ਹਨ। ਖੇਲੋ ਇੰਡੀਆ ਖੇਡਾਂ ਵਿੱਚ ਵੀ ਸਕੂਲ ਦੇ ਵਿਦਿਆਰਥੀ ਮੱਲ੍ਹਾਂ ਮਾਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਮਾਨਸਾ ਦੇ ਦੋਵੇਂ ਪਿ੍ਰੰਸੀਪਲ 4 ਮਾਰਚ, 2023 ਤੋਂ 11 ਮਾਰਚ, 2023 ਤੱਕ ਸਿੰਘਾਪੁਰ ਵਿਖੇ ਸਿਖਲਾਈ ਹਾਸਲ ਕਰਨਗੇ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮਾਨਸਾ ਭੁਪਿੰਦਰ ਕੌਰ (ਸਟੇਟ ਐਵਾਰਡੀ) ਨੇ ਵਧਾਈ ਦਿੰਦਿਆਂ ਕਿਹਾ ਕਿ ਪੰਜਾਬ ਸਰਕਾਰ ਅਤੇ ਸਕੂਲ ਸਿੱਖਿਆ ਵਿਭਾਗ ਪੰਜਾਬ ਦਾ ਨਿਸ਼ਾਨਾ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਗੁਣਾਤਮਿਕ ਤਬਦੀਲੀ ਲਿਆ ਕੇ ਸੂਬੇ ਦੇ ਸਿੱਖਿਆ ਪ੍ਰਬੰਧ ਨੂੰ ਵਿਸ਼ਵ ਪੱਧਰ ਦਾ ਬਣਾਉਣਾ ਹੈ। ਅੰਤਰ ਰਾਸ਼ਟਰੀ ਟ੍ਰੇਨਿੰਗ ਲਈ ਸਿੰਘਾਪੁਰ ਵਿਖੇ ਰਵਾਨਾ ਹੋਣ ਲਈ ਡਾ.ਵਿਜੈ ਕੁਮਾਰ ਮਿੱਢਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ, ਗੁਰਲਾਭ ਸਿੰਘ ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ, ਪ੍ਰਿੰਸੀਪਲ ਮੁਕੇਸ਼ ਕੁਮਾਰ, ਪ੍ਰਿੰਸੀਪਲ ਅਸ਼ੋਕ ਕੁਮਾਰ ਕੋਟੜਾ ਕਲਾਂ, ਪ੍ਰਿੰਸੀਪਲ ਡਾ.ਪਰਮਜੀਤ ਸਿੰਘ ਭੋਗਲ, ਪ੍ਰਿੰਸੀਪਲ ਡਾ.ਬੂਟਾ ਸਿੰਘ ਸੇਖੋਂ, ਪ੍ਰਿੰਸੀਪਲ ਕੰਵਲਜੀਤ ਕੌਰ, ਪ੍ਰਿੰਸੀਪਲ ਲਲਿਤਾ ਸਰਮਾ, ਪ੍ਰਿੰਸੀਪਲ ਰਣਜੀਤ ਕੌਰ, ਪ੍ਰਿੰਸੀਪਲ ਪ੍ਰਭਜੀਤ ਕੌਰ, ਪ੍ਰਿੰਸੀਪਲ ਗੁਰਮੀਤ ਸਿੰਘ, ਬਲਵਿੰਦਰ ਸਿੰਘ ਜ਼ਿਲ੍ਹਾ ਮੀਡੀਆ ਕੋਆਰਡੀਨੇਟਰ, ਹਰਜਿੰਦਰ ਸਿੰਘ ਮੁੱਖ ਅਧਿਆਪਕ ਸਮਾਓ, ਗੁਰਦਾਸ ਸਿੰਘ ਮੁੱਖ ਅਧਿਆਪਕ ਦੋਦੜਾ, ਮਨਦੀਪ ਸਿੰਘ ਸਰ੍ਹਾਂ ਮੁੱਖ ਅਧਿਆਪਕ ਮੱਲ ਸਿੰਘ ਵਾਲਾ, ਗੁਰਜੰਟ ਸਿੰਘ ਮੁੱਖ ਅਧਿਆਪਕ ਮਘਾਣੀਆਂ ਅਤੇ ਗੁਰਵਿੰਦਰ ਸਿੰਘ ਚਹਿਲ ਨੇ ਵਧਾਈਆਂ ਦਿੱਤੀਆਂ।

