ਸੰਜੀਵ ਜਿੰਦਲ ( ਪ੍ਰਾਈਮ ਪੋਸਟ ਪੰਜਾਬ )
ਮਾਨਸਾ, 17 ਫਰਵਰੀ 2023 : ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ ਦੀਆਂ ਹਦਾਇਤਾਂ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਹਰਦੀਪ ਸ਼ਰਮਾ ਦੀ ਅਗਵਾਈ ਵਿੱਚ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਪੰਦਰਵਾੜੇ ਦੀ ਸ਼ੁਰੂਆਤ ਕੀਤੀ ਗਈ, ਜੋ 2 ਮਾਰਚ ਤੱਕ ਚੱਲੇਗਾ।
ਸਿਵਲ ਸਰਜਨ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਪੰਦਰਵਾੜੇ ਤਹਿਤ ਸਰਕਾਰੀ ਹਸਪਤਾਲਾਂ ਵਿੱਚ ਬਨਾਉਟੀ ਦੰਦਾਂ ਦੇ ਸੈੱਟ ਮੁਫ਼ਤ ਵੰਡਣ ਦੀ ਸੁਵਿਧਾ ਦਿੱਤੀ ਗਈ ਹੈ। ਇਸ ਤਹਿਤ ਸਰਕਾਰੀ ਹਸਪਤਾਲ ਖਿਆਲਾ ਕਲਾਂ ਵੱਲੋਂ ਲੋੜਵੰਦ ਵਿਅਕਤੀਆਂ ਨੂੰ 10 ਬਨਾਉਟੀ ਦੰਦਾਂ ਦੇ ਸੈੱਟ ਬਣਾ ਕੇ ਮੁਫ਼ਤ ਵੰਡੇ ਜਾਣਗੇ। ਉਨ੍ਹਾਂ ਦੱਸਿਆ ਕਿ ਡੈਂਟਲ ਪੰਦਰਵਾੜੇ ਦੇ ਦੌਰਾਨ ਮੁੱਢਲਾ ਸਿਹਤ ਕੇਂਦਰ ਖਿਆਲਾ ਕਲਾਂ ਵਿਖੇ ਦੰਦਾਂ ਦਾ ਚੈਕਅੱਪ ਕਰਾਉਣ ਲਈ ਅਤੇ ਦੰਦਾਂ ਦੀਆਂ ਬਿਮਾਰੀਆਂ ਤੋਂ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਅਤੇ ਦੰਦਾਂ ਦੇ ਇਲਾਜ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ।
ਦੰਦਾਂ ਦੇ ਮਾਹਿਰ ਡਾ. ਹਰਮਨਦੀਪ ਸਿੰਘ ਨੇ ਦੱਸਿਆ ਕਿ ਦੰਦ ਸਾਡੇ ਸਰੀਰ ਦਾ ਅਹਿਮ ਅੰਗ ਹਨ, ਜਿਨ੍ਹਾਂ ਦੀ ਸਾਂਭ-ਸੰਭਾਲ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਇਸ ਲਈ ਸਵੇਰੇ ਅਤੇ ਰਾਤ ਨੂੰ ਸੌਣ ਤੋਂ ਪਹਿਲਾਂ ਬਰੱਸ਼ ਜ਼ਰੂਰ ਕਰਨਾ ਚਾਹੀਦਾ ਹੈ। ਇਸ ਪੰਦਰਵਾੜੇ ਵਿੱਚ ਮੂੰਹ ਦੇ ਕੈਂਸਰ ਦੀ ਜਾਂਚ ਵੀ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਹਰੇਕ ਵਿਅਕਤੀ ਨੂੰ ਸਾਲ ਵਿਚ ਦੋ ਵਾਰ ਮੂੰਹ ਦੇ ਕੈਂਸਰ ਦੀ ਜਾਂਚ, ਪਹਿਚਾਣ ਚਿੰਨ੍ਹ ਆਦਿ ਲਈ ਦੰਦਾਂ ਦਾ ਚੈਕਅੱਪ ਮਾਹਿਰ ਡਾਕਟਰ ਤੋਂ ਜ਼ਰੂਰ ਕਰਵਾਉਣਾ ਚਾਹੀਦਾ ਹੈ ਅਤੇ ਇਸ ਪੰਦਰਵਾੜੇ ਵਿੱਚ ਦੰਦਾਂ ਦੀਆਂ ਬਿਮਾਰੀਆਂ ਸਬੰਧੀ ਜਾਗਰੂਕਤਾ ਅਤੇ ਦੰਦਾਂ ਦੀ ਸੰਭਾਲ ਰੱਖਣ ਲਈ ਸਕੂਲੀ ਬੱਚਿਆਂ ਨੂੰ ਜਾਗਰੂਕ ਕੀਤਾ ਜਾਵੇਗਾ।ਇਸ ਮੌਕੇ ਡਾ. ਅਕਸ਼ਿਤ ਬਾਂਸਲ, ਕ੍ਰਿਸ਼ਨ ਕੁਮਾਰ ਅਤੇ ਚੰਦਰਕਾਂਤ ਫਾਰਮੇਸੀ ਅਫਸਰ ਹਾਜ਼ਰ ਸਨ।

