ਬਿਊਰੋ, ਪ੍ਰਾਈਮ ਪੋਸਟ ਪੰਜਾਬ
ਆਏ ਦਿਨ ਵਿਦੇਸ਼ ‘ਚ ਪੰਜਾਬੀ ਨੌਜਵਾਨ ਕਿਸੇ ਨਾ ਕਿਸੇ ਕਾਰਨ ਮੌਤ ਦਾ ਸ਼ਿਕਾਰ ਹੋ ਰਹੇ ਹਨ। ਇਕ ਹੋਰ ਨਵਾਂ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ। ਭਾਰਤ ਤੋਂ ਕੈਨੇਡਾ ਚੰਗੇ ਭਵਿੱਖ ਲਈ ਇੱਕ ਮਹੀਨਾ ਪਹਿਲਾਂ ਪੜ੍ਹਾਈ ਕਰਨ ਗਈ ਨੌਜਵਾਨ ਕੁੜੀ ਵੱਲੋ ਖੁਦਕਸ਼ੀ ਕਰਨ ਦੀ ਬੇਹੱਦ ਹੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ।
ਜਾਣਕਾਰੀ ਅਨੁਸਾਰ ਖੁਸ਼ਨੀਤ ਕੌਰ (20) ਸਿਰਫ ਮਹੀਨਾ ਪਹਿਲਾ ਹੀ ਕੈਨੇਡਾ ਗਈ ਸੀ ਪਰ ਕੈਨੇਡਾ ਆ ਕੇ ਡਿਪ੍ਰੈਸ਼ਨ ਦਾ ਸ਼ਿਕਾਰ ਹੋ ਗਈ। ਹਾਲਾਤਾਂ ਨਾਲ ਲੜਨ ਜਾਂ ਕਿਸੇ ਨਾਲ ਦਿਲ ਦੀ ਗੱਲ ਕਹਿਣ ਦੀ ਬਜਾਏ ਖੁਸ਼ਨੀਤ ਨੇ ਮੌਤ ਨੂੰ ਗਲ ਲਾ ਲਿਆ। ਖੁਸ਼ਨੀਤ ਕੌਰ ਭਾਰਤ ਦੇ ਉੱਤਰ ਪ੍ਰਦੇਸ਼ ਨਾਲ ਸਬੰਧਤ ਸੀ ਤੇ ਕੈਨੇਡਾ ਚ ਪੰਜਾਬੀਆਂ ਦੇ ਗੜ ਬਰੈਂਪਟਨ ਚ ਰਹਿ ਰਹੀ ਸੀ। ਦੱਸਣਯੋਗ ਹੈ ਕੀ ਹਰ ਹਫਤੇ ਕੈਨੇਡਾ ਚੋਂ ਵੱਡੀ ਗਿਣਤੀ ਚ ਨੌਜਵਾਨ ਵੱਖ-ਵੱਖ ਕਾਰਨਾਂ ਕਰਕੇ ਆਪਣੀ ਜ਼ਿੰਦਗੀ ਤੋਂ ਹੱਥ ਧੋ ਰਹੇ ਹਨ।
ਕੈਨੇਡਾ ‘ਚ ਜਿੱਥੇ ਨੌਜਵਾਨ ਚੰਗੇ ਭਵਿੱਖ ਲਈ ਜਾ ਰਹੇ ਹਨ ਤੇ ਵੱਡੀ ਗਿਣਤੀ ‘ਚ ਨੌਜਵਾਨਾਂ ਨੇ ਆਪਣੇ ਆਪ ਨੂੰ ਕੈਨੇਡਾ ਚ ਸਥਾਪਿਤ ਵੀ ਕੀਤਾ ਹੈ ਪਰ ਸੱਚ ਇਹ ਵੀ ਹੈ ਕਿ ਵੱਧ ਰਹੀ ਮਹਿੰਗਾਈ, ਮਹਿੰਗੇ ਕਿਰਾਏ, ਨਸ਼ਿਆਂ ਦੀ ਆਸਾਨੀ ਨਾਲ ਉਪਲਬਤਾ ਅਤੇ ਡਿਪ੍ਰੈਸ਼ਨ ਕਾਰਨ ਵੱਡੀ ਪੱਧਰ ਤੇ ਨੌਜਵਾਨ ਮੌਤ ਦੇ ਲੜ ਵੀ ਲੱਗ ਰਹੇ ਹਨ।

