ਬਿਊਰੋ, ਪ੍ਰਾਈਮ ਪੋਸਟ ਪੰਜਾਬ
ਦਿੱਲੀ : ਨਵੀਂ ਆਬਕਾਰੀ ਨੀਤੀ ਘਪਲੇ ਦੇ ਮਾਮਲੇ ਵਿੱਚ ਮੁਲਜ਼ਮ ਦਿਨੇਸ਼ ਅਰੋੜਾ ਨੇ ਸਰਕਾਰੀ ਗਵਾਹ ਬਣਨ ਲਈ ਹਾਮੀ ਭਰ ਦਿੱਤੀ ਹੈ। ਸੀਬੀਆਈ ਨੇ ਰਾਉਸ ਐਵੇਨਿਊ ਕੋਰਟ ਵਿੱਚ ਆਪਣੀ ਅਰਜ਼ੀ ਦਾਇਰ ਕੀਤੀ। ਸੁਣਵਾਈ ਦੌਰਾਨ ਦਿਨੇਸ਼ ਅਰੋੜਾ ਨੇ ਅਦਾਲਤ ‘ਚ ਸਪੱਸ਼ਟ ਕਿਹਾ ਕਿ ਮੈਂ ਆਪਣੀ ਮਰਜ਼ੀ ਨਾਲ ਸਰਕਾਰੀ ਗਵਾਹ ਬਣਨ ਲਈ ਤਿਆਰ ਹਾਂ।
ਅਦਾਲਤ ਨੇ ਦਿਨੇਸ਼ ਅਰੋੜਾ ਨੂੰ ਪੁੱਛਿਆ ਕਿ ਕੀ ਸੀਬੀਆਈ ਵੱਲੋਂ ਕੋਈ ਦਬਾਅ ਜਾਂ ਕੋਈ ਧਮਕੀ ਦਿੱਤੀ ਗਈ ਸੀ। ਇਸ ਸਬੰਧੀ ਦਿਨੇਸ਼ ਅਰੋੜਾ ਨੇ ਕਿਹਾ ਕਿ ਉਹ ਆਪਣੀ ਮਰਜ਼ੀ ਨਾਲ ਸਰਕਾਰੀ ਗਵਾਹ ਬਣ ਰਹੇ ਹਨ। ਇਸ ਮਾਮਲੇ ਸਬੰਧੀ ਉਸ ਕੋਲ ਜੋ ਵੀ ਜਾਣਕਾਰੀ ਹੈ, ਉਹ ਸਾਂਝੀ ਕਰਨ ਲਈ ਤਿਆਰ ਹੈ। ਇਸ ਮਾਮਲੇ ਵਿੱਚ ਦਿਨੇਸ਼ ਅਰੋੜਾ ਦਾ ਬਿਆਨ 14 ਨਵੰਬਰ ਨੂੰ ਦਰਜ ਕੀਤਾ ਜਾਵੇਗਾ।
ਅਗਸਤ 2022 ਵਿੱਚ ਸੀਬੀਆਈ ਨੇ ਦਿੱਲੀ ਦੇ ਸ਼ਰਾਬ ਘੁਟਾਲੇ ਵਿੱਚ ਕੇਸ ਦਰਜ ਕੀਤਾ ਸੀ ਅਤੇ ਅੱਠ ਲੋਕਾਂ ਖ਼ਿਲਾਫ਼ ਲੁਕਆਊਟ ਸਰਕੂਲਰ ਜਾਰੀ ਕੀਤਾ ਸੀ। ਮੁਲਜ਼ਮਾਂ ਵਿੱਚ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ, ਤਤਕਾਲੀ ਆਬਕਾਰੀ ਕਮਿਸ਼ਨਰ ਅਰਵਾ ਗੋਪੀ ਕ੍ਰਿਸ਼ਨਾ, ਡਿਪਟੀ ਕਮਿਸ਼ਨਰ ਆਨੰਦ ਤਿਵਾੜੀ ਅਤੇ ਸਹਾਇਕ ਕਮਿਸ਼ਨਰ ਪੰਕਜ ਭਟਨਾਗਰ ਸ਼ਾਮਲ ਹਨ।

